ਅਸਲੀ ਫਿਲਮ ਹਾਲੇ ਆਉਣੀ ਬਾਕੀ ਹੈ : ਗਡਕਰੀ

0
97

ਨਾਗਪੁਰ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 2029 (ਆਮ ਚੋਣਾਂ) ਵਿੱਚ ਆਪਣੀ ਭੂਮਿਕਾ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਪਿਛਲੇ 11 ਸਾਲਾਂ ਵਿੱਚ ਜੋ ਦੇਖਿਆ ਗਿਆ, ਉਹ ਸਿਰਫ ਨਿਊਜ਼ ਰੀਲ ਸੀ ਅਤੇ ਅਸਲੀ ਫਿਲਮ ਹਾਲੇ ਆਉਣੀ ਬਾਕੀ ਹੈ। ਸੀਨੀਅਰ ਭਾਜਪਾ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਆਪਣੇ ਆਗੂਆਂ ਤੇ ਵਰਕਰਾਂ ਲਈ ਜ਼ਿੰਮੇਵਾਰੀਆਂ ਨਿਰਧਾਰਤ ਕਰਦੀ ਹੈ ਅਤੇ ਪਾਰਟੀ ਉਨ੍ਹਾਂ ਨੂੰ ਜੋ ਵੀ ਨਵਾਂ ਕੰਮ ਦੇਵੇਗੀ, ਉਹ ਉਸ ਅਨੁਸਾਰ ਹੀ ਕੰਮ ਕਰਨਗੇ। ਗਡਕਰੀ ਨੇ ਕਿਹਾ, ‘ਅਭੀ ਤੱਕ ਜੋ ਜੋ ਭੀ ਹੂਆ ਵੋਹ ਤੋ ਨਿਊਜ਼ ਰੀਲ ਥੀ, ਅਸਲੀ ਫਿਲਮ ਸ਼ੁਰੂ ਹੋਨਾ ਔਰ ਬਾਕੀ ਹੈ।’ ਗਡਕਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾ ਨੇ ਕਦੇ ਵੀ ਆਪਣਾ ਰਾਜਨੀਤਕ ਬਾਇਓਡਾਟਾ ਪ੍ਰਕਾਸ਼ਤ ਨਹੀਂ ਕੀਤਾ ਅਤੇ ਨਾ ਹੀ ਉਨ੍ਹਾ ਕਦੇ ਸਮਰਥਕਾਂ ਨੂੰ ਹਵਾਈ ਅੱਡਿਆਂ ’ਤੇ ਉਨ੍ਹਾ ਲਈ ਸ਼ਾਨਦਾਰ ਸਵਾਗਤ ਸਮਾਗਮ ਕਰਨ ਲਈ ਕਿਹਾ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾ ਦੀ ਨਿੱਜੀ ਇੱਛਾ ਵਿਦਰਭ ਵਿੱਚ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਕੰਮ ਕਰਨਾ ਹੈ। ਉਨ੍ਹਾ ਕਿਹਾ ਕਿ ਅੱਜਕੱਲ੍ਹ ਉਹ ਸੜਕਾਂ ਦੇ ਕੰਮਾਂ ਦੀ ਬਜਾਏ ਖੇਤੀਬਾੜੀ ਅਤੇ ਹੋਰ ਸਮਾਜਕ ਪਹਿਲਕਦਮੀਆਂ ’ਤੇ ਜ਼ਿਆਦਾ ਕੰਮ ਕਰ ਰਹੇ ਹਨ। ਇਹ ਪੁੱਛੇ ਜਾਣ ’ਤੇ ਕਿ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਦੁਨੀਆ ਦੇ ਸਿਖਰਲੇ 10 ਦੇਸ਼ਾਂ ਵਿੱਚ ਕਿਉਂ ਨਹੀਂ ਹੈ ਤਾਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਲਈ ਦੇਸ਼ ਦੀ ਆਬਾਦੀ ਜ਼ਿੰਮੇਵਾਰ ਹੈ। ਆਬਾਦੀ ਕੰਟਰੋਲ ਬਿੱਲ ਨੂੰ ਸਮਰਥਨ ਦਿੰਦਿਆਂ ਉਨ੍ਹਾ ਕਿਹਾ ਕਿ ਇਹ ਕੋਈ ਧਾਰਮਕ ਜਾਂ ਭਾਸ਼ਾਈ ਮੁੱਦਾ ਨਹੀਂ ਹੈ।