ਲੱਦਾਖ ਦੀਆਂ ਸ਼ਾਂਤ ਪਹਾੜੀਆਂ ਬੁੱਧਵਾਰ ਅਚਾਨਕ ਸੁਲਗ ਗਈਆਂ। ਲੇਹ ਵਿੱਚ ਪੁਰਅਮਨ ਅੰਦੋਲਨ ਅਚਾਨਕ ਹਿੰਸਕ ਸੰਘਰਸ਼ ਵਿੱਚ ਬਦਲ ਗਿਆ। ਅਚਾਨਕ ਵੱਡੀ ਗਿਣਤੀ ’ਚ ਨੌਜਵਾਨ, ਜਿਨ੍ਹਾਂ ਨੂੰ ਜੈੱਨ-ਜ਼ੀ ਕਿਹਾ ਜਾ ਰਿਹਾ ਹੈ, ਸੜਕਾਂ ’ਤੇ ਉੱਤਰ ਆਏ ਅਤੇ ਪੁਲਸ ਨਾਲ ਝੜਪਾਂ ਹੋ ਗਈਆਂ। ਪੁਲਸ ਨੇ ਗੋਲੀਬਾਰੀ ਕੀਤੀ, ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ ਹਿੰਸਾ ਵਿੱਚ ਪੰਜ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਗਸਤ 2019 ਵਿੱਚ ਜੰਮੂ-ਕਸ਼ਮੀਰ ਸੂਬੇ ਦੇ ਦੋ ਟੋਟੇ ਕਰਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬਦਲਣ ਦੇ ਬਾਅਦ ਤੋਂ ਜੰਮੂ-ਕਸ਼ਮੀਰ ਦੇ ਲੋਕਾਂ ਵਾਂਗ ਲੱਦਾਖ ਦੇ ਲੋਕ ਵੀ ਪੂਰਨ ਰਾਜ ਦਾ ਦਰਜਾ ਦੇਣ ਤੇ ਖਿੱਤੇ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਲੱਦਾਖ ਦੀ ਇੱਕ ਸੀਟ ਦੀ ਥਾਂ ਲੇਹ ਤੇ ਕਾਰਗਿਲ ਦੀਆਂ ਦੋ ਲੋਕ ਸਭਾ ਸੀਟਾਂ ਬਣਾਉਣ ਅਤੇ ਸਰਕਾਰੀ ਨੌਕਰੀਆਂ ਵਿੱਚ ਸਥਾਨਕ ਲੋਕਾਂ ਦੀ ਭਰਤੀ ਕਰਨ ਦੀਆਂ ਮੰਗਾਂ ਵੀ ਉਠਾ ਰਹੇ ਹਨ।
ਇਸ ਅੰਦੋਲਨ ਦੀ ਅਗਵਾਈ ਪ੍ਰਸਿੱਧ ਜਲਵਾਯੂ ਕਾਰਕੁਨ ਸੋਨਮ ਵਾਂਗਚੁੱਕ ਕਰ ਰਹੇ ਹਨ ਅਤੇ ਅੰਦੋਲਨ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਪਾਰਟੀਆਂ ਤੋਂ ਉੱਪਰ ਉੱਠ ਕੇ ਸ਼ਾਮਲ ਹੋ ਰਹੇ ਹਨ। ਪਹਿਲਾਂ ਲੱਦਾਖ ਦੇ ਲੋਕਾਂ ਨੇ ਲੱਦਾਖ ਨੂੰ ਜੰਮੂ-ਕਸ਼ਮੀਰ ਨਾਲੋਂ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦਾ ਸਵਾਗਤ ਕੀਤਾ ਸੀ, ਕਿਉਕਿ ਲੱਦਾਖ ਰਾਜਧਾਨੀ ਤੋਂ ਬਹੁਤ ਦੂਰ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਮਸਲੇ ਹੱਲ ਕਰਾਉਣ ਵਿੱਚ ਬਹੁਤ ਦਿੱਕਤ ਆਉਦੀ ਸੀ, ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਲੱਦਾਖ ਨਾਲ ਧੋਖਾ ਹੋਇਆ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਬਣ ਕੇ ਉਸ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਇਆ ਹੈ। ਜੰਮੂ-ਕਸ਼ਮੀਰ ਦਾ ਹਿੱਸਾ ਹੋਣ ਵੇਲੇ ਉੱਥੇ ਜੰਮੂ-ਕਸ਼ਮੀਰ ਵਾਂਗ ਬਾਹਰਲਾ ਕੋਈ ਵਿਅਕਤੀ ਜ਼ਮੀਨ ਨਹੀਂ ਲੈ ਸਕਦਾ ਸੀ, ਪਰ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਕਾਰਪੋਰੇਟੀ ਬਘਿਆੜ ਉਸ ’ਤੇ ਝਪਟ ਪਏ ਹਨ। ਉਹ ਵਿਕਾਸ ਦੇ ਨਾਂਅ ’ਤੇ ਉਸ ਦੇ ਕੁਦਰਤੀ ਮਾਹੌਲ ਨੂੰ ਖਰਾਬ ਕਰ ਰਹੇ ਹਨ ਅਤੇ ਆਪਣੇ ਨਾਲ ਬਾਹਰੋਂ ਬੰਦੇ ਲਿਆ ਰਹੇ ਹਨ, ਜਦਕਿ ਸਥਾਨਕ ਲੋਕ ਬੇਰੁਜ਼ਗਾਰ ਹੀ ਬੈਠੇ ਹਨ। ਕਾਰਪੋਰੇਟੀ ਹਮਲੇ ਤੋਂ ਬਾਅਦ ਵਾਂਗਚੁੱਕ ਤੇ ਉਨ੍ਹਾ ਦੇ ਸਾਥੀਆਂ ਨੇ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਪੰਜ ਵਾਰ ਭੁੱਖ ਹੜਤਾਲਾਂ ਕੀਤੀਆਂ ਤੇ ਲੱਦਾਖ ਤੋਂ ਦਿੱਲੀ ਤੱਕ ਪੈਦਲ ਮਾਰਚ ਵੀ ਕੀਤਾ, ਪਰ ਕੇਂਦਰ ਤੋਂ ਭਰੋਸੇ ਦੇ ਇਲਾਵਾ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਵੀ ਲੱਦਾਖ ਦੇ ਲੋਕ 10 ਸਤੰਬਰ ਤੋਂ 35 ਦਿਨਾਂ ਦੀ ਭੁੱਖ ਹੜਤਾਲ ’ਤੇ ਸਨ। 23 ਸਤੰਬਰ ਨੂੰ ਦੋ ਬਜ਼ੁਰਗ ਭੁੱਖ ਹੜਤਾਲੀਆਂ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪੈਣ ’ਤੇ ਨੌਜਵਾਨਾਂ ਦਾ ਪਾਰਾ ਚੜ੍ਹ ਗਿਆ ਅਤੇ ਉਹ ਵੱਡੀ ਗਿਣਤੀ ’ਚ ਸੜਕਾਂ ’ਤੇ ਉੱਤਰ ਆਏ। ਹਿੰਸਾ ਭੜਕਣ ਤੋੋਂ ਬਾਅਦ ਗਾਂਧੀਵਾਦੀ ਵਾਂਗਚੁੱਕ ਨੇ ਭੁੱਖ ਹੜਤਾਲ ਖਤਮ ਕਰ ਦੇਣ ਦਾ ਐਲਾਨ ਕਰ ਦਿੱਤਾ ਤੇ ਨੌਜਵਾਨਾਂ ਨੂੰ ਠਰੰ੍ਹਮਾ ਵਰਤਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸਰਕਾਰ ਨੇ ਕਰਫਿਊ ਲਾ ਦਿੱਤਾ ਅਤੇ ਇਹ ਦੋਸ਼ ਵੀ ਲਾਇਆ ਕਿ ਵਾਂਗਚੁੱਕ ਨੇ ਹਿੰਸਾ ਭੜਕਾਈ। ਭਾਜਪਾ ਨੇ ਹਿੰਸਾ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਦੋਸ਼ ਲਾ ਦਿੱਤਾ। ਗੋਦੀ ਮੀਡੀਆ ਨੇ ਲੱਦਾਖ ਦੇ ਲੋਕਾਂ ਦੇ ਦੁੱਖਾਂ ਦੀ ਥਾਂ ਸਰਕਾਰੀ ਬਿਰਤਾਂਤ ਧੁਮਾਉਣ ਨੂੰ ਹੀ ਪਹਿਲ ਦਿੱਤੀ। ਵਾਂਗਚੁੱਕ ਨੂੰ ਬਾਹਰੋਂ ਪੈਸੇ ਮਿਲਣ ਦੇ ਦੋਸ਼ ਲਾਏ ਜਾ ਰਹੇ ਹਨ। ਸੀ ਬੀ ਆਈ ਜਾਂਚ ਦੀ ਗੱਲ ਮੁੜ ਚੱਲ ਪਈ ਹੈ। ਹਾਕਮਾਂ ਵੱਲੋਂ ਵਾਅਦਾਖਿਲਾਫੀ ਕਰਨ ਕਾਰਨ ਲੱਦਾਖ ਦੇ ਲੋਕ ਭੜਕੇ ਹਨ ਅਤੇ ਉਨ੍ਹਾਂ ਨੂੰ ਤਾਕਤ ਨਾਲ ਦਬਾਉਣ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਇਸ ਨਾਲ ਚੀਨ ਨਾਲ ਲੱਗਦੇ ਠੰਢੇ ਮਾਰੂਥਲ ਵਿੱਚ ਗੁੱਸਾ ਹੋਰ ਭੜਕੇਗਾ, ਜਿਹੜਾ ਕਸ਼ਮੀਰ ਵਾਂਗ ਸਿਰਦਰਦੀ ਬਣ ਸਕਦਾ ਹੈ।



