ਭਾਜਪਾ ਦੀ ਹਾਰ

0
120

ਕਾਂਗਰਸੀ ਤੋਂ ਭਾਜਪਾਈ ਬਣ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜਿਆ ਹਿਮੰਤਾ ਬਿਸਵਾ ਸਰਮਾ ਭਾਵੇਂ ਇਹ ਕਹਿ ਕੇ ਖੁਦ ਨੂੰ ਧਰਵਾਸ ਦੇ ਰਿਹਾ ਹੈ ਕਿ ਬੋਡੋਲੈਂਡ ਟੈਰੀਟੋਰੀਅਲ ਕੌਂਸਲ (ਬੀ ਟੀ ਸੀ) ਚੋਣਾਂ ਵਿੱਚ ਕਾਂਗਰਸ ਤੇ ਹੋਰਨਾਂ ਦੇ ਪੱਲੇ ਕੋਈ ਸੀਟ ਨਹੀਂ ਪਈ, ਪਰ ਉਸ ਦੀ ਹਿੰਦੂ-ਮੁਸਲਮ ਵਾਲੀ ਸਿਆਸਤ ਨੂੰ ਕਬਾਇਲੀਆਂ ਨੇ ਜਿਸ ਤਰ੍ਹਾਂ ਰੱਦ ਕੀਤਾ ਹੈ, ਉਹ ਸੰਕੇਤ ਦਿੰਦਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ। 40 ਮੈਂਬਰੀ ਕੌਂਸਲ ਵਿੱਚ 28 ਸੀਟਾਂ ਸਾਬਕਾ ਵਿਦਰੋਹੀ ਆਗੂ ਹਗਰਾਮਾ ਮੋਹੀਲਾਰੀ ਦੇ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐੱਫ) ਨੇ ਜਿੱਤ ਕੇ ਜ਼ਬਰਦਸਤ ਬਹੁਮਤ ਹਾਸਲ ਕੀਤਾ ਹੈ। ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ ਪੀ ਪੀ ਐੱਲ) ਨੂੰ 7 ਤੇ ਸੂਬੇ ਦੀ ਸੱਤਾਧਾਰੀ ਭਾਜਪਾ ਨੂੰ 5 ਸੀਟਾਂ ਹੀ ਮਿਲੀਆਂ ਹਨ। ਭਾਜਪਾ ਨੇ ਪਿਛਲੀ ਵਾਰ 9 ਸੀਟਾਂ ਜਿੱਤੀਆਂ ਸਨ। ਇਹ ਨਤੀਜਾ 2020 ਦੀਆਂ ਚੋਣਾਂ ਦੇ ਬਿਲਕੁਲ ਉਲਟ ਹੈ, ਜਦੋਂ ਯੂ ਪੀ ਪੀ ਐੱਲ-ਭਾਜਪਾ ਗੱਠਜੋੜ ਨੇ ਬੀ ਪੀ ਐੱਫ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ।
ਬੋਡੋਲੈਂਡ ਟੈਰੀਟੋਰੀਅਲ ਕੌਂਸਲ ਵਿੱਚ ਸੂਬੇ ਦੇ ਪੰਜ ਕਬਾਇਲੀ ਜ਼ਿਲ੍ਹੇ ਕੋਕਰਾਝਾਰ, ਚਿਰਾਂਗ, ਉਦਾਲਗੁੜੀ, ਬਕਸਾ ਤੇ ਤਮੁਲਪੁਰ ਆਉਦੇ ਹਨ। ਕਬਾਇਲੀਆਂ ਨੂੰ ਕੌਂਸਲ ਵਿੱਚ ਕੁਝ ਖਾਸ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ। ਬੀ ਪੀ ਐੱਫ ਨੇ ਵਿਕਾਸ, ਬੇਰੁਜ਼ਗਾਰੀ ਤੇ ਸੱਭਿਆਚਾਰਕ ਪਛਾਣ ਦੇ ਮੁੱਦਿਆਂ ’ਤੇ ਚੋਣਾਂ ਲੜੀਆਂ, ਜਦਕਿ ਭਾਜਪਾ ਨੇ ਇਨ੍ਹਾਂ ਮੁੱਦਿਆਂ ’ਤੇ ਆਪਣੀਆਂ ਨਾਕਾਮੀਆਂ ਨੂੰ ਹਿੰਦੂ-ਮੁਸਲਮ ਦਾ ਰਾਗ ਅਲਾਪ ਕੇ ਲੁਕੋਣ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਪ੍ਰਚਾਰ ਕੀਤਾ ਕਿ ਆਸਾਮ ’ਤੇ ਮੁਸਲਮਾਨਾਂ ਦਾ ਕਬਜ਼ਾ ਹੋ ਗਿਆ ਤਾਂ ਹਿੰਦੂਆਂ ’ਤੇ ਅੱਤਿਆਚਾਰ ਹੋਣਗੇ।
ਕਬਾਇਲੀ ਇਲਾਕਿਆਂ ਵਿੱਚ 19 ਅਸੈਂਬਲੀ ਸੀਟਾਂ ਹਨ। 2021 ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੇ ਬਹੁਤੀਆਂ ਸੀਟਾਂ ’ਤੇ ਕਬਜ਼ਾ ਕਰ ਲਿਆ ਸੀ। ਬੀ ਪੀ ਐੱਫ ਦੀ ਲਹਿਰ ਨਾਲ 10-12 ਸੀਟਾਂ ਵੀ ਖਤਰੇ ਵਿੱਚ ਪੈ ਗਈਆਂ ਤਾਂ ਭਾਜਪਾ ਨੂੰ 126 ਮੈਂਬਰੀ ਅਸੈਂਬਲੀ ’ਚ ਮੁੜ ਬਹੁਮਤ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ। ਉਜ ਬੀ ਪੀ ਐੱਫ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਦਾ ਹਿੱਸਾ ਹੈ ਤੇ ਭਾਜਪਾ ਮੁਸ਼ਕਲ ਵਾਲੀ ਹਾਲਤ ਵਿੱਚ ਕੌਮੀ ਹਿੱਤਾਂ ਦਾ ਵਾਸਤਾ ਪਾ ਕੇ ਉਸ ਨਾਲ ਮੁੜ ਦੋਸਤੀ ਪਾਉਣ ਦੀ ਕੋਸ਼ਿਸ਼ ਕਰ ਸਕਦੀ ਹੈ, ਪਰ ਸੂਬੇ ਵਿੱਚ ਭਾਜਪਾ ਦੀ ਧਰੁਵੀਕਰਨ ਦੀ ਸਿਆਸਤ ਜਾਰੀ ਰਹੀ ਤਾਂ ਲੱਗਦਾ ਨਹੀਂ ਕਿ ਬੀ ਪੀ ਐੱਫ ਦੇ ਉਸ ਨਾਲ ਪਹਿਲਾਂ ਵਾਲੇ ਰਿਸ਼ਤੇ ਰਹਿਣਗੇ। ਬੀ ਪੀ ਐੱਫ ’ਤੇ ਉਨ੍ਹਾਂ ਕਬਾਇਲੀਆਂ ਦਾ ਦਬਾਅ ਰਹੇਗਾ, ਜਿਨ੍ਹਾਂ ਉਨ੍ਹਾਂ ਨੂੰ ਕੌਂਸਲ ਵਿੱਚ ਜ਼ਬਰਦਸਤ ਬਹੁਮਤ ਦਿਵਾਇਆ ਹੈ।