ਨਵੀਂ ਦਿੱਲੀ : ਰਾਜ ਸਭਾ ਵਿੱਚ ਵੀਰਵਾਰ ਹੰਗਾਮਾ ਅਤੇ ਵਿਰੋਧੀ ਧਿਰ ਦਾ ਵਾਕਆਊਟ ਦੇਖਣ ਨੂੰ ਮਿਲਿਆ, ਜਦੋਂ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਵਿੱਚ ਰਾਹੁਲ ਗਾਂਧੀ ਨੂੰ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਦਾ ਮੁੱਦਾ ਚੁੱਕਿਆ | ਖੜਗੇ ਨੇ ਜਦੋਂ ਸਾਬਕਾ ਫੌਜ ਮੁਖੀ ਐੱਮ ਐੱਮ ਨਰਵਾਣੇ ਦੀ ਇੱਕ ਅਣਪ੍ਰਕਾਸ਼ਤ ਕਿਤਾਬ ਦੇ ਅੰਸ਼ ਪੜ੍ਹਨੇ ਸ਼ੁਰੂ ਕੀਤੇ ਤਾਂ ਚੇਅਰਮੈਨ ਨੇ ਉਨ੍ਹਾ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ | ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਹਿੱਤ ਵਿੱਚ ਬੋਲਣਾ ਚਾਹੁੰਦੇ ਸਨ, ਪਰ ਸਰਕਾਰ ਉਨ੍ਹਾ ਨੂੰ ਰੋਕ ਰਹੀ ਹੈ | ਉਨ੍ਹਾ ਸਰਕਾਰ ‘ਤੇ ਤਨਜ਼ ਕੱਸਦਿਆਂ ਕਿਹਾ, ”ਜਦੋਂ ਰਾਹੁਲ ਗੱਲ ਕਰਦੇ ਹਨ ਤਾਂ ਤੁਹਾਨੂੰ ਖੁਜਲੀ ਉੱਠਦੀ ਹੈ |” ਇਸ ਦੇ ਜਵਾਬ ਵਿੱਚ ਸਦਨ ਦੇ ਨੇਤਾ ਜੇ ਪੀ ਨੱਢਾ ਨੇ ਪਲਟਵਾਰ ਕਰਦਿਆਂ ਖੜਗੇ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪਾਰਟੀ ਨੂੰ ਇੱਕ ‘ਅਬੋਧ ਬਾਲਕ’ (ਨਾਸਮਝ ਬੱਚਾ) ਦੀ ਬੰਧਕ ਨਾ ਬਣਾਉਣ | ਨੱਢਾ ਨੇ ਕਿਹਾ ਕਿ ਹੰਕਾਰ ਅਤੇ ਅਗਿਆਨਤਾ ਦਾ ਮਿਸ਼ਰਣ ਖਤਰਨਾਕ ਹੈ ਅਤੇ ਕਾਂਗਰਸ ਪ੍ਰਧਾਨ ਨੂੰ ਆਪਣੀ ਪਾਰਟੀ ਸੁਤੰਤਰ ਤੌਰ ‘ਤੇ ਚਲਾਉਣੀ ਚਾਹੀਦੀ ਹੈ |
ਚੇਅਰਮੈਨ ਸੀ ਪੀ ਰਾਧਾਕਿ੍ਸ਼ਨਨ ਨੇ ਜਵਾਹਰ ਲਾਲ ਨਹਿਰੂ ਦੀ ਪੁਰਾਣੀ ਵਿਵਸਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕ ਸਭਾ ਦੀ ਕਾਰਵਾਈ ‘ਤੇ ਰਾਜ ਸਭਾ ਵਿੱਚ ਚਰਚਾ ਨਹੀਂ ਕੀਤੀ ਜਾ ਸਕਦੀ, ਜਦਕਿ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਲੋਕ ਸਭਾ ਵਿੱਚ ਖਾਸਾ ਹੰਗਾਮਾ ਹੋਇਆ, ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਸ਼ਣ ਨਾ ਦੇ ਸਕੇ | ਇਹ 2004 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਨੇ ਸੰਬੋਧਨ ਨਹੀਂ ਕੀਤਾ ਤੇ ਧੰਨਵਾਦ ਮਤਾ ਪਾਸ ਹੋਇਆ | ਇਸ ਤੋਂ ਪਹਿਲਾਂ ਸਾਲ 2004 ਦੌਰਾਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਧੰਨਵਾਦ ਪ੍ਰਸਤਾਵ ਵੇਲੇ ਬੋਲਣ ਨਹੀਂ ਦਿੱਤਾ ਗਿਆ ਸੀ |





