ਰਾਹੁਲ ਨੂੰ ਲੋਕ ਸਭਾ ‘ਚ ਬੋਲਣ ਦਿੱਤਾ ਜਾਵੇ : ਥਰੂਰ

0
17

ਨਵੀਂ ਦਿੱਲੀ : ਪਿ੍ਅੰਕਾ ਗਾਂਧੀ ਨੇ ਵੀਰਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਓਹਲੇ ਲੁਕ ਰਹੇ ਹਨ | ਉਨ੍ਹਾ ਸਪੀਕਰ ਦੇ ਇਸ ਦਾਅਵੇ ਨੂੰ ਵੀ ਇਕਦਮ ਝੂਠਾ ਕਰਾਰ ਦਿੱਤਾ ਕਿ ਪ੍ਰਧਾਨ ਮੰਤਰੀ ਨੂੰ ਸੰਸਦ ਵਿੱਚ ਨੁਕਸਾਨ ਪਹੁੰਚਾਉਣ ਦੀ ਕੋਈ ਯੋਜਨਾ ਸੀ |
ਬਿਰਲਾ ਨੇ ਕਿਹਾ ਸੀ ਕਿ ਉਨ੍ਹਾ ਹੀ ਮੋਦੀ ਨੂੰ ਸਦਨ ਵਿੱਚ ਨਾ ਆਉਣ ਲਈ ਕਿਹਾ ਸੀ, ਕਿਉਂਕਿ ਠੋਸ ਸੂਚਨਾ ਸੀ ਕਿ ਕਈ ਕਾਂਗਰਸੀ ਸਾਂਸਦ ਉਨ੍ਹਾ ਕੋਲ ਪੁੱਜ ਕੇ ਅਣਕਿਆਸਾ ਕਾਰਾ ਕਰ ਸਕਦੇ ਹਨ | ਸਪੀਕਰ ਨੇ ਕਿਹਾ ਕਿ ਕੁਝ ਆਪੋਜ਼ੀਸ਼ਨ ਮੈਂਬਰਾਂ ਦਾ ਬੁੱਧਵਾਰ ਵਿਹਾਰ ਠੀਕ ਨਹੀਂ ਸੀ | ਪਿ੍ਅੰਕਾ ਨੇ ਕਿਹਾ ਕਿ ਸਰਕਾਰ ਹੀ ਸਪੀਕਰ ਤੋਂ ਅਜਿਹੀਆਂ ਗੱਲਾਂ ਬੁਲਵਾ ਰਹੀ ਹੈ, ਕਿਉਂਕਿ ਪ੍ਰਧਾਨ ਮੰਤਰੀ ਬੁੱਧਵਾਰ ਸਦਨ ਵਿੱਚ ਆਉਣ ਦਾ ਹੀਆ ਨਹੀਂ ਕਰ ਸਕੇ | ਪਿ੍ਅੰਕਾ ਨੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਕਤਈ ਝੂਠ ਹੈ | ਪ੍ਰਧਾਨ ਮੰਤਰੀ ‘ਤੇ ਹੱਥ ਚੁੱਕਣ ਜਾਂ ਉਨ੍ਹਾ ਨੂੰ ਨੁਕਸਾਨ ਪਹੁੰਚਾਉਣ ਦਾ ਸਵਾਲ ਹੀ ਨਹੀਂ ਉਠਦਾ | ਅਜਿਹੀ ਯੋਜਨਾ ਦੀ ਗੱਲ ਕਰਨਾ ਇਕਦਮ ਗਲਤ ਹੈ, ਪਰ ਜੇ ਤੁਸੀਂ ਆਪਣੇ ਮੈਂਬਰਾਂ ਨੂੰ ਕਿਤਾਬਾਂ ਤੋਂ ਹਵਾਲੇ ਦੇਣ ਦਿਓ, ਬੇਹੁਦੀਆਂ ਗੱਲਾਂ ਕਰਨ ਦਿਓ ਤਾਂ ਆਪੋਜ਼ੀਸ਼ਨ ਨੇ ਪ੍ਰੋਟੈਸਟ ਕਰਨਾ ਹੀ ਹੈ | ਅਫਸੋਸ ਹੈ ਕਿ ਪ੍ਰਧਾਨ ਮੰਤਰੀ ਸਪੀਕਰ ਓਹਲੇ ਲੁਕ ਰਹੇ ਹਨ |’
ਪਿ੍ਅੰਕਾ ਨੇ ਮੀਡੀਆ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਰਕਾਰ ਤੋਂ ਪੁੱਛਣ ਕਿ ਲੋਕ ਸਭਾ ਵਿੱਚ ਆਪੋਜ਼ੀਸ਼ਨ ਦੇ ਆਗੂ ਨੂੰ ਕਿਉਂ ਨਹੀਂ ਬੋਲਣ ਦਿੱਤਾ ਜਾ ਰਿਹਾ | ਇਸੇ ਦੌਰਾਨ ਸ਼ਸ਼ੀ ਥਰੂਰ ਨੇ ਕਿਹਾ ਕਿ ਰਾਹੁਲ ਨੂੰ ਭਾਰਤ-ਚੀਨ ਟਕਰਾਅ ਬਾਰੇ ਲੋਕ ਸਭਾ ਵਿੱਚ ਬੋਲਣ ਦੇਣਾ ਚਾਹੀਦਾ ਹੈ | ਥਰੂਰ, ਜਿਹੜੇ ਸੰਸਦ ਭਵਨ ਦੇ ਬਾਹਰ ਪੌੜੀਆਂ ਵਿੱਚ ਡਿੱਗਣ ਕਾਰਨ ਹੇਅਰਲਾਈਨ ਫ੍ਰੈਕਚਰ ਕਰਵਾ ਬੈਠੇ ਹਨ, ਨੇ ਵ੍ਹੀਲਚੇਅਰ ‘ਤੇ ਬੈਠਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪੋਜ਼ੀਸ਼ਨ ਦੇ ਆਗੂ ਨੂੰ ਬੋਲਣ ਦੇਣਾ ਚਾਹੀਦਾ ਹੈ | ਉਹ ਉਹੀ ਗੱਲ ਕਹਿ ਰਹੇ ਹਨ, ਜੋ ਲੋਕ ਪਹਿਲਾਂ ਹੀ ਜਾਣਦੇ ਹਨ | ਸਭ ਮੈਗਜ਼ੀਨ ਵਿੱਚ ਛਪ ਚੁੱਕਾ ਹੈ | ਰਾਹੁਲ ਆਪਣਾ ਨੁਕਤਾ ਰੱਖਣਾ ਚਾਹੁੰਦੇ ਹਨ | ਉਨ੍ਹਾ ਨੂੰ ਬੋਲਣ ਨਾ ਦੇ ਕੇ ਕਿਤੇ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਗਈ ਹੈ |