ਗਾਜ਼ੀਆਬਾਦ ਵਿੱਚ ਤਿੰਨ ਨਾਬਾਲਗ ਭੈਣਾਂ ਵੱਲੋਂ ਨੌਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਨਾ ਸਿਰਫ ਪਰਵਾਰ, ਸਗੋਂ ਉਨ੍ਹਾਂ ਸਾਰੇ ਲੋਕਾਂ ਲਈ ਹਿਲਾ ਦੇਣ ਵਾਲੀ ਹੈ, ਜਿਨ੍ਹਾਂ ਦੇ ਬੱਚੇ ਅੱਜ ਦੇ ਦੌਰ ਵਿੱਚ ਵੱਡੇ ਹੋ ਰਹੇ ਹਨ | ਖਬਰਾਂ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਨੂੰ ਮੋਬਾਈਲ ‘ਤੇ ਕੋਰੀਅਨ ਡਰਾਮਾ ਦੇਖਣ ਦੀ ਲਤ ਸੀ | ਕੀ ਇਸ ਦਾਅਵੇ ਨੂੰ ਮੰਨ ਲਿਆ ਜਾਵੇ? ਕੀ ਇਹ ‘ਲਤ’ ਨਾਂਅ ਦੀ ਕੋਈ ਬਿਮਾਰੀ ਹੁੰਦੀ ਹੈ?
ਮੋਬਾਈਲ ਨਾਲ ਬਣਨ ਵਾਲੀ ਅਜਿਹੀ ਦੁਨੀਆ ਦਾ ਨਾਂਅ ‘ਔਰੇਂਜ ਇਕੌਨਮੀ’ ਅਰਥਾਤ ਸਤਰੰਗੀ ਦੁਨੀਆ ਦਿੱਤਾ ਗਿਆ ਹੈ, ਜਿਸ ਦਾ ਇਸ ਵਾਰ ਦੇ ਦੇਸ਼ ਦੇ ਬਜਟ ਵਿੱਚ ਖਾਸ ਜ਼ਿਕਰ ਕੀਤਾ ਗਿਆ ਹੈ | ਇਸ ਔਰੇਂਜ ਦੁਨੀਆ ਦਾ ਅਸਰ ਕੁੜੀਆਂ ‘ਤੇ ਏਨਾ ਸੀ ਕਿ ਉਨ੍ਹਾਂ ਸਕੂੂਲੀ ਸਿੱਖਿਆ ਵਿੱਚ ਮਨ ਲਾਉਣਾ ਬੰਦ ਕਰ ਦਿੱਤਾ ਸੀ | ਕੁੜੀਆਂ ਨੂੰ ਜਦ ਉਨ੍ਹਾਂ ਦੀ ਆਭਾਸੀ ਦੁਨੀਆ ਤੋਂ ਦੂਰ ਕੀਤਾ ਜਾਣ ਲੱਗਾ, ਮੋਬਾਈਲ ਖੋਹਣ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਦੀ ਦੁਨੀਆ ਬਿਖਰਨ ਲੱਗੀ | ਉਨ੍ਹਾਂ ਪਿੱਛੇ ਛੱਡੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਹੈ-ਕੀ ਸਾਨੂੰ ਇਸ ਦੁਨੀਆ ਵਿੱਚ ਰਹਿਣਾ ਚਾਹੀਦਾ ਹੈ, ਜਿੱਥੇ ਤੁਸੀਂ ਸਾਨੂੰ ਕੁੱਟਦੇ ਹੋ? ਨਹੀਂ, ਮੌਤ ਹੀ ਬਿਹਤਰ ਹੈ, ਵਿਆਹ ਦੀਆਂ ਗੱਲਾਂ ਤੋਂ ਅਸੀਂ ਤਨਾਅ ਵਿੱਚ ਹਾਂ | ਅਸੀਂ ਕੋਰੀਅਨ ਲੋਕਾਂ ਨੂੰ ਪਿਆਰ ਤੇ ਪਸੰਦ ਕਰਦੀਆਂ ਹਾਂ ਅਤੇ ਭਾਰਤੀ ਮਰਦਾਂ ਨਾਲ ਵਿਆਹ ਕਦੇ ਸਵੀਕਾਰ ਨਹੀਂ ਕਰ ਸਕਦੀਆਂ |
ਇੱਥੇ ਸਵਾਲ ਉੱਠਦਾ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਕਿਹੋ ਜਿਹੀ ਦੁਨੀਆ ਬਣਾ ਰਹੇ ਹਾਂ ਅਤੇ ਸਾਡੇ ਬੱਚੇ ਕਿਸ ਦੁਨੀਆ ਵਿੱਚ ਰਹਿ ਰਹੇ ਹਨ | ਗਾਜ਼ੀਆਬਾਦ ਦੀਆਂ ਕੁੜੀਆਂ ਨੇ ਮੋਬਾਈਲ ਨਾਲ ਕੋਰੀਆ ਦੀ ਦੁਨੀਆ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ | ਉਨ੍ਹਾਂ ਨੂੰ ਕੋਰੀਆ ਦੀ ਹਕੀਕਤ ਕੋਰੀਆ ਦੇਸ਼ ਤੋਂ ਨਹੀਂ, ਮੋਬਾਈਲ ਨਾਲ ਬਣੇ ਕੋਰੀਆ ਤੋਂ ਮਿਲ ਰਹੀ ਸੀ | ਇਸ ਤਰ੍ਹਾਂ ਦੀ ਆਭਾਸੀ ਦੁਨੀਆ ਨਾਲ ਹੋਣ ਵਾਲੀ ਇਹ ਪਹਿਲੀ ਤ੍ਰਾਸਦੀ ਨਹੀਂ ਹੈ, ਅਜਿਹੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ | ਸਵਾਲ ਇਹੀ ਹੈ ਕਿ ਇਸ ਨਾਲ ਅਸੀਂ ਸਬਕ ਕੀ ਲੈ ਰਹੇ ਹਾਂ?
ਦੁਨੀਆ ਦੇ ਕਈ ਦੇਸ਼ ਜਦੋਂ ਬੱਚਿਆਂ ਨੂੰ ਇਸ ਮੋਬਾਈਲ ਦੀ ਦੁਨੀਆ ‘ਤੇ ਚੱਲਣ ਵਾਲੇ ਵੱਖ-ਵੱਖ ਐਪਾਂ ਤੇ ਸਾਈਟਾਂ ਤੋਂ ਦੂਰ ਰੱਖਣ ਦਾ ਨਿਯਮ ਬਣਾ ਰਹੇ ਹਨ, ਉਦੋਂ ਭਾਰਤ ਵਿੱਚ ਇਸ ‘ਤੇ ਵਿਚਾਰ ਕਰਨ ਦੀ ਥਾਂ ‘ਔਰੇਂਜ ਇਕੌਨਮੀ’ ਦੇ ਸੰਕਲਪ ਨੂੰ ਪਰੋਸਿਆ ਜਾ ਰਿਹਾ ਹੈ | ਇਸ ਇਕੌਨਮੀ ਦਾ ਆਧਾਰ ਕੀ ਹੈ? ਆਈਡੀਆ ਤੇ ਕ੍ਰਿਏਟਿਵਿਟੀ | ਇਸ ਦੇ ਰੂਪ ਕੀ ਹੁੰਦੇ ਹਨ? ਵਿਜ਼ੁਅਲਜ਼ ਤੇ ਇਸ ਦੇ ਇਫੈਕਟ, ਗੇਮਿੰਗ ਤੇ ਈ-ਸਪੋਰਟਸ, ਫੈਸ਼ਨ, ਟੂਰਿਜ਼ਮ, ਕੌਮਿਕਸ ਆਦਿ ਤੇ ਡਿਜੀਟਲ ਕੰਟੈਂਟ | ਇਹ ਇਕੌਨਮੀ ਸੇਵਾ ਖੇਤਰ ਨੂੰ ਵਿਕਸਤ ਕਰਨ ਵਿੱਚ ਸਹਿਯੋਗੀ ਭੂਮਿਕਾ ਨਿਭਾਏਗੀ | ਬਜਟ ਵਿੱਚ ਇਸ ਨੂੰ ਏ ਵੀ ਜੀ ਸੀ ਅਰਥਾਤ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਤੇ ਕੌਮਿਕਸ ਦਾ ਨਾਂਅ ਦਿੱਤਾ ਗਿਆ ਹੈ | ਇਸ ਲਈ ਇੰਡੀਅਨ ਇੰਸਟੀਚਿਊਟ ਆਫ ਕ੍ਰਿਏਟਿਵ ਟੈਕਨਾਲੋਜੀ ਮੁੰਬਈ ਦੇ ਸਹਿਯੋਗ ਨਾਲ 15 ਹਜ਼ਾਰ ਸਕੂਲਾਂ ਤੇ 500 ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ | ਅਗਲੇ ਚਾਰ ਸਾਲਾਂ ਵਿੱਚ 20 ਲੱਖ ਪੇਸ਼ੇਵਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਇਸ ਦਿਸ਼ਾ ਵਿੱਚ ਕਦਮ ਉਠਾਏ ਜਾਣਗੇ | ਇਸੇ ਆਧਾਰ ‘ਤੇ ਨੌਕਰੀਆਂ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ | ‘ਔਰੇਂਜ ਇਕੌਨਮੀ’ ਉੱਤੇ ਚੱਲਣ ਵਾਲੀ ਅਰਥ-ਵਿਵਸਥਾ ਨਾਲ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਬਾਜ਼ਾਰ ਦੀ ਅਸਥਿਰਤਾ, ਕਰਜ਼ ਤੇ ਸਮਾਜੀ ਅਸੁਰੱਖਿਆ ਨਾਲ ਭਰੇ ਦੇਸ਼ ਵਿੱਚ ਰੀਲ੍ਹ ਬਣਾ ਕੇ ਪੈਸੇ ਕਮਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ |
ਕੋਰੋਨਾ ਦੇ ਦੌਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਜਿਸ ਤਰ੍ਹਾਂ ਡਿਜੀਟਲ ਮੀਡੀਆ ਦੀ ਘੁਸਪੈਠ ਹੋਈ, ਉਸ ਨੇ ਪੂਰੀ ਸੰਰਚਨਾ ਨੂੰ ਲਗਾਤਾਰ ਤਬਾਹੀ ਵੱਲ ਧੱਕ ਦਿੱਤਾ ਹੈ | ਆਨਲਾਈਨ ਕਲਾਸਾਂ ਦੇ ਨਾਂਅ ‘ਤੇ ਇੱਕ ਮੁਤਵਾਜ਼ੀ ਦੁਨੀਆ ਦਾ ਨਿਰਮਾਣ ਹੋਇਆ ਹੈ, ਜਿਸ ਦਾ ਸਾਰਾ ਕੰਟਰੋਲ ਡਿਜੀਟਲ ਕੰਪਨੀਆਂ ਨੇ ਆਪਣੇ ਹੱਥਾਂ ਵਿੱਚ ਲੈ ਰੱਖਿਆ ਹੈ | ਇਹੀ ਕੰਪਨੀਆਂ ਅਜਿਹੀ ਦੁਨੀਆ ਦੇ ਮਹੱਤਵ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੀਆਂ ਹਨ, ਜਿਸ ਨਾਲ ਬੱਚੇ ਤਾਂ ਕੀ, ਖੁਦ ਮਾਂ ਤੇ ਬਾਪ ਵੀ ਪ੍ਰਭਾਵਤ ਹਨ | ਰੀਲ੍ਹ ਇੱਕ ਅਜਿਹੀ ਹੀ ਦੁਨੀਆ ਹੈ, ਜਿੱਥੇ ਪ੍ਰਸਿੱਧੀ ਤੇ ਪੈਸੇ ਦੀ ਭੁੱਖ ਨੂੰ ਪੂਰਾ ਕਰਨ ਦੀ ਦੌੜ ਲੱਗ ਗਈ ਹੈ | ਪੂਰਾ ਪਰਵਾਰ ਇੱਕ ਛੋਟੇ ਜਿਹੇ ਕੈਮਰੇ ਤੇ ਡਿਜੀਟਲ ਮਾਧਿਅਮ ‘ਤੇ ਨੱਚ ਰਿਹਾ ਹੈ | ਅਸੀਂ ਇਹ ਜਾਣਬੁੱਝ ਕੇ ਕਰ ਰਹੇ ਹਾਂ ਜਾਂ ਇਸ ਡਿਜੀਟਲ ਦੁਨੀਆ ਨੇ ਸਾਨੂੰ ਅਜਿਹਾ ਕਰਨ ਵੱਲ ਧੱਕਿਆ ਹੈ, ਇਸ ਨੂੰ ਬੜੀ ਸ਼ਿੱਦਤ ਨਾਲ ਸਮਝਣ ਦੀ ਲੋੜ ਹੈ |



