ਚੰਡੀਗੜ੍ਹ/ਤਰਨ ਤਾਰਨ (ਗੁਰਜੀਤ ਬਿੱਲਾ/ਪਿ੍ਤਪਾਲ ਸਿੰਘ) : ਤਰਨ ਤਾਰਨ ‘ਚ ਸਰਹਾਲੀ ਥਾਣੇ ‘ਤੇ 9 ਦਸੰਬਰ ਨੂੰ ਰਾਤ 11.18 ਵਜੇ ਦੇ ਕਰੀਬ ਰਾਕਟ ਪ੍ਰੋਪੇਲਡ ਗ੍ਰਨੇਡ (ਆਰ ਪੀ ਜੀ) ਹਮਲੇ ‘ਚ ਪੰਜਾਬ ਪੁਲਸ ਨੇ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਨ੍ਹਾਂ ‘ਚੋਂ ਇੱਕ ਮੁਲਜ਼ਮ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਹੈ | ਮੁਲਜ਼ਮਾਂ ‘ਚ 2 ਨਾਬਾਲਗ ਹਨ | ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੇ ਕਹਿਣ ‘ਤੇ ਇਹ ਹਮਲਾ ਕਰਾਇਆ ਸੀ | ਮਾਮਲੇ ਵਿਚ ਹੁਣ ਤੱਕ ਛੇ ਜਣੇ ਗਿ੍ਫਤਾਰ ਕੀਤੇ ਜਾ ਚੁੱਕੇ ਹਨ |
ਡੀ ਜੀ ਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਮਲੇ ਦੀ ਸਾਜ਼ਿਸ਼ ਵਿਦੇਸ਼ ਰਹਿੰਦੇ ਲੋੜੀਂਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਉਰਫ ਜੈਸਲ ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ‘ਚ ਬੰਦ ਅਜਮੀਤ ਸਿੰਘ ਦੀ ਮਦਦ ਨਾਲ ਰਚੀ ਗਈ ਸੀ |
ਦੋ ਨਾਬਾਲਗਾਂ ਦੀ ਗਿ੍ਫਤਾਰੀ ਤੋਂ ਇਲਾਵਾ ਗਿ੍ਫਤਾਰ ਕੀਤੇ ਗਏ ਮਡਿਊਲ ਦੇ ਬਾਕੀ ਚਾਰ ਮੈਂਬਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਨੰਬਰਦਾਰ (18) ਵਾਸੀ ਨੌਸ਼ਹਿਰਾ ਪੰਨੂਆਂ, ਗੁਰਲਾਲ ਸਿੰਘ ਉਰਫ ਗਹਿਲਾ (19) ਵਾਸੀ ਚੋਹਲਾ ਸਾਹਿਬ, ਸੁਰਲਾਲਪਾਲ ਸਿੰਘ ਉਰਫ ਗੁਰਲਾਲ ਉਰਫ ਲਾਲੀ (21) ਵਾਸੀ ਪਿੰਡ ਠੱਠੀਆਂ ਮਹੰਤਾਂ ਅਤੇ ਜੋਬਨਪ੍ਰੀਤ ਸਿੰਘ ਉਰਫ ਜੋਬਨ (18) ਵਾਸੀ ਨੌਸ਼ਹਿਰਾ ਪੰਨੂਆਂ ਵਜੋਂ ਹੋਈ ਹੈ | ਗੋਪੀ ਨੰਬਰਦਾਰ, ਜੋ ਕਿਸੇ ਹੋਰ ਕੇਸ ‘ਚ ਗਿ੍ਫ਼ਤਾਰ ਸੀ, ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ ਦੇ ਦਿੱਤੀ ਗਈ ਸੀ | 22 ਨਵੰਬਰ, 2022 ਨੂੰ ਆਪਣੀ ਰਿਹਾਈ ਤੋਂ ਇਕ ਦਿਨ ਬਾਅਦ ਉਹ 18 ਸਾਲ ਦਾ ਹੋ ਗਿਆ ਸੀ ਅਤੇ ਫਿਰ ਵਿਦੇਸ਼-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਿਆ | ਵਿਦੇਸ਼-ਅਧਾਰਤ ਹੈਂਡਲਰਾਂ ਨੇ ਖੇਪ ਦੀ ਪ੍ਰਾਪਤੀ ਅਤੇ ਸੰਪਰਕ ਸਥਾਪਤ ਕਰਨ ਲਈ ਕੱਟ-ਆਊਟ ਅਤੇ ਡੈੱਡ ਲੈਟਰ ਬਾਕਸ (ਡੀ ਐੱਲ ਬੀ) ਤਕਨੀਕਾਂ ਦੀ ਵਰਤੋਂ ਕੀਤੀ ਤਾਂ ਜੋ ਮਡਿਊਲ ਦੇ ਮੈਂਬਰਾਂ ਨੂੰ ਹੈਂਡਲਰਾਂ ਦੁਆਰਾ ਸਿੱਧੇ ਤੌਰ ‘ਤੇ ਕੰਮ ਸੌਂਪੇ ਜਾ ਸਕਣ | ਇੱਥੋਂ ਤੱਕ ਕਿ ਸਬ-ਮਡਿਊਲਾਂ ਦੀ ਪਛਾਣ ਵੀ ਦੂਜੇ ਸਬ-ਮਡਿਊਲਾਂ ਤੋਂ ਲੁਕੀ ਰਹੀ |
ਪੁਲਸ ਟੀਮਾਂ ਨੇ ਗਿ੍ਫਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ‘ਚੋਂ ਗੋਲੀ ਸਿੱਕੇ ਸਮੇਤ ਦੋ .32 ਬੋਰ ਅਤੇ ਇੱਕ .30 ਬੋਰ ਪਿਸਤੌਲ, ਇੱਕ ਹੈਂਡ ਗ੍ਰਨੇਡ ਪੀ-86 ਅਤੇ ਅਪਰਾਧ ‘ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ | ਹਮਲੇ ਨੂੰ ਅੰਜਾਮ ਦੇਣ ਲਈ ਸੋਵੀਅਤ ਯੁੱਗ ਦੇ 70 ਐੱਮ ਐੱਮ ਬੋਰ ਦੇ ਆਰ ਪੀ ਜੀ-26 ਹਥਿਆਰ ਦੀ ਵਰਤੋਂ ਕੀਤੀ ਗਈ, ਜਿਸ ਨੂੰ 10 ਦਸੰਬਰ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ ਸੀ | ਇਹ ਹਥਿਆਰ, ਜਿਸ ਦੀ ਵਰਤੋਂ ਅਫਗਾਨਿਸਤਾਨ ‘ਚ ਮੁਜਾਹਦੀਨ ਦੁਆਰਾ ਕੀਤੀ ਜਾਂਦੀ ਸੀ, ਸਰਹੱਦ ਪਾਰ ਤੋਂ ਮੰਗਵਾਇਆ ਗਿਆ ਸੀ |
ਡੀ ਜੀ ਪੀ ਨੇ ਦੱਸਿਆ ਕਿ ਤਰਨ ਤਾਰਨ ਪੁਲਸ ਨੇ ਪੰਜਾਬ ਪੁਲਸ ਦੇ ਕਾਊਾਟਰ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰਕੇ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਬਾਰੀਕੀ ਨਾਲ ਜਾਂਚ ਕੀਤੀ | ਗਰਾਊਾਡ ਇਨਵੈਸਟੀਗੇਸ਼ਨ ਦੀ ਅਗਵਾਈ ਐੱਸ ਐੱਸ ਪੀ ਤਰਨ ਤਾਰਨ ਗੁਰਮੀਤ ਚੌਹਾਨ ਅਤੇ ਉਨ੍ਹਾ ਦੀ ਟੀਮ ਨੇ ਕੀਤੀ, ਜਿਸ ਤੋਂ ਪਤਾ ਲੱਗਿਆ ਕਿ ਹਮਲੇ ‘ਚ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦਾ ਹੱਥ ਸੀ, ਜੋ ਕਿ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਦੇ ਸਿੱਧੇ ਸੰਪਰਕ ‘ਚ ਸਨ | ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦੋਵਾਂ ਨੂੰ ਵੀਰਵਾਰ ਨੂੰ ਪੱਟੀ ਮੋੜ ਸਰਹਾਲੀ ਤੋਂ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .32 ਬੋਰ ਪਿਸਤੌਲ ਸਮੇਤ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਪੁਲਸ ਟੀਮਾਂ ਨੇ ਗੋਪੀ ਨੰਬਰਦਾਰ ਦੀ ਨਿਸ਼ਾਨਦੇਹੀ ‘ਤੇ ਇੱਕ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਹੈ |
ਡੀ ਜੀ ਪੀ ਨੇ ਦੱਸਿਆ ਕਿ ਜਾਂਚ ਮੁਤਾਬਕ ਗੋਪੀ ਨੂੰ ਸ਼ੁਰੂ ਵਿੱਚ ਲੰਡਾ ਅਤੇ ਸੱਤਾ ਤੋਂ 8.5 ਲੱਖ ਰੁਪਏ ਦੀ ਫੰਡਿੰਗ ਅਤੇ 200 ਜ਼ਿੰਦਾ ਕਾਰਤੂਸ ਸਮੇਤ .30 ਬੋਰ ਦਾ ਪਿਸਤੌਲ ਮਿਲਿਆ ਸੀ | 1 ਦਸੰਬਰ ਨੂੰ ਗੋਪੀ ਨੇ ਗੁਰਲਾਲ ਗਹਿਲਾ ਅਤੇ ਜੋਬਨਪ੍ਰੀਤ ਜੋਬਨ ਦੇ ਨਾਲ ਤਰਨ ਤਾਰਨ ਦੇ ਪਿੰਡ ਝੰਡੇਰ ਤੋਂ ਆਰ ਪੀ ਜੀ ਵਾਲੀ ਇੱਕ ਹੋਰ ਖੇਪ ਪ੍ਰਾਪਤ ਕੀਤੀ ਅਤੇ ਇਸ ਨੂੰ ਤਰਨ ਤਾਰਨ ਦੇ ਪਿੰਡ ਮਰਹਾਣਾ ਨੇੜੇ ਇੱਕ ਥਾਂ ‘ਤੇ ਲੁਕਾ ਦਿੱਤਾ | ਡੀ ਜੀ ਪੀ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਨੇ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਨੇ ਦੋ ਨਾਬਾਲਗ ਮੈਂਬਰਾਂ ਨੂੰ ਪੁਲਸ ਥਾਣਾ ਸਰਹਾਲੀ ‘ਤੇ ਹਮਲੇ ਨੂੰ ਅੰਜਾਮ ਦੇਣ ਦਾ ਜ਼ਿੰਮਾ ਸੌਂਪਿਆ ਸੀ, ਜਿਸ ਦਾ ਉਦੇਸ਼ ਸਰਹੱਦੀ ਸੂਬੇ ‘ਚ ਦਹਿਸ਼ਤ ਪੈਦਾ ਕਰਨਾ ਸੀ | ਦੋਵਾਂ ਮੁਲਜ਼ਮਾਂ ਨੇ ਅੱਗੇ ਖੁਲਾਸਾ ਕੀਤਾ ਕਿ ਇੱਕ ਹੋਰ ਮੁਲਜ਼ਮ ਗੁਰਲਾਲ ਲਾਲੀ ਨੇ ਪੁਲਸ ਸਟੇਸ਼ਨ ਦੀ ਇਮਾਰਤ ‘ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਪਿੰਡ ਮਰਹਾਣਾ ਵਿਖੇ ਰੁਕੇ ਹੋਏ ਦੋਵਾਂ ਨਾਬਾਲਗ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ ਅਤੇ ਇੱਕ ਲੱਖ ਰੁਪਏ ਮੁਹੱਈਆ ਕਰਵਾਏ | ਪੁਲਸ ਨੇ ਨੌਸ਼ਹਿਰਾ ਪੰਨੂਆ ਨੇੜਿਓਾ ਜੋਬਨਪ੍ਰੀਤ ਜੋਬਨ ਅਤੇ ਗੁਰਲਾਲ ਲਾਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .30 ਬੋਰ ਦਾ ਪਿਸਤੌਲ, 35 ਜ਼ਿੰਦਾ ਕਾਰਤੂਸ ਅਤੇ ਅਪਰਾਧ ‘ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ | ਪੁੱਛਗਿੱਛ ਦੌਰਾਨ ਜੋਬਨ ਨੇ ਆਰ ਪੀ ਜੀ ਹਾਸਲ ਕਰਨ ਸੰਬੰਧੀ ਗੋਪੀ ਦੇ ਖੁਲਾਸੇ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਦੇ ਨਿਰਦੇਸ਼ਾਂ ‘ਤੇ ਉਸ ਨੇ ਪਿੰਡ ਸ਼ਾਹਬਾਜ਼ਪੁਰ ਤੋਂ ਇੱਕ ਨਾਬਾਲਗ ਨੂੰ ਨਾਲ ਲੈ ਕੇ ਗੁਰਦੇਵ ਉਰਫ ਜੈਸਲ ਦੇ ਕਹਿਣ ਅਨੁਸਾਰ ਪਿੰਡ ਮਰਹਾਣਾ ਵਿਖੇ ਛੱਡ ਦਿੱਤਾ ਸੀ |ਡੀ ਜੀ ਪੀ ਨੇ ਕਿਹਾ ਕਿ ਕੜੀਆਂ ਨੂੰ ਜੋੜਦਿਆਂ ਪੁਲਸ ਟੀਮਾਂ ਨੇ ਦੋਵੇਂ ਨਾਬਾਲਗ ਹਮਲਾਵਰਾਂ ਨੂੰ ਪਿੰਡ ਚੰਬਾ ਦੇ ਟਿਊਬਵੈੱਲ ਤੋਂ ਸਫਲਤਾਪੂਰਵਕ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ | ਹਮਲੇ ਤੋਂ ਬਾਅਦ ਉਹ ਦੋਵੇਂ ਪਿੰਡ ਸੈਦੋ ਵੱਲ ਭੱਜ ਗਏ, ਜਿਨ੍ਹਾਂ ਨੇ ਲੰਡਾ ਦੁਆਰਾ ਪਹਿਲਾਂ ਹੀ ਪ੍ਰਬੰਧ ਕੀਤੇ ਇੱਕ ਟਿਊਬਵੈੱਲ ਕਮਰੇ ‘ਚ ਪਨਾਹ ਲੈ ਲਈ | ਦੋਵੇਂ ਸ਼ੂਟਰਾਂ ਨੇ ਯੂ ਟਿਊਬ ਵੀਡੀਓਜ਼ ਤੋਂ ਅਤੇ ਲੰਡਾ ਦੁਆਰਾ ਵੀਡੀਓ ਕਾਲ ‘ਚ ਦੱਸੇ ਅਨੁਸਾਰ ਆਰ ਪੀ ਜੀ ਚਲਾਉਣਾ ਸਿੱਖਿਆ |



