ਅਮਰਾਵਤੀ : ਪਰਤਵਾੜੀ ਢਾਣੀ ਮਾਰਗ ’ਤੇ ਸੇਮਾਡੋਹ ਨੇੜੇ ਸੋਮਵਾਰ ਸਵੇਰੇ ਪ੍ਰਾਈਵੇਟ ਬੱਸ ਦੇ ਪੁਲ ਤੋਂ ਹੇਠਾਂ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 30 ਜ਼ਖਮੀ ਹੋ ਗਏ। ਡਰਾਈਵਰ ਵੱਲੋਂ ਸੰਤੁਲਨ ਗਵਾਉਣ ਕਾਰਨ ਹਾਦਸਾ ਵਾਪਰਿਆ।
ਖੜਗੇ ਢਿੱਲੇ ਹੋਏ
ਚੰਡੀਗੜ੍ਹ : ਸਿਹਤ ਠੀਕ ਨਾ ਹੋਣ ਕਾਰਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸੋਮਵਾਰ ਅੰਬਾਲਾ ਸ਼ਹਿਰ ਅਤੇ ਕਰਨਾਲ ’ਚ ਘਰੌਂਡਾ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਨਹੀਂ ਆ ਸਕੇ। ਡਾਕਟਰਾਂ ਨੇ ਉਨ੍ਹਾ ਨੂੰ ਆਰਾਮ ਦੀ ਸਲਾਹ ਦਿੱਤੀ ਹੈ।
ਭੁਚਾਲ ਦੇ ਝਟਕੇ
ਅਹਿਮਦਾਬਾਦ : ਗੁਜਰਾਤ ਦੇ ਕੱਛ ਜ਼ਿਲ੍ਹੇ ’ਚ ਸੋਮਵਾਰ ਸਵੇਰੇ 10.05 ਵਜੇ 3.3 ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਸੀ। ਭੁਚਾਲ ਦਾ ਕੇਂਦਰ ਰਾਪਰ ਤੋਂ 12 ਕਿਲੋਮੀਟਰ ਪੱਛਮ-ਦੱਖਣ-ਪੱਛਮ ’ਚ ਸੀ।
ਲੱਡੂਆਂ ’ਚ ‘ਮਿਲਾਵਟ’ ਤੋਂ ਬਾਅਦ ਮੰਦਰ ਦਾ ਸ਼ੁੱਧੀਕਰਨ
ਤਿਰੂਪਤੀ (ਆਂਧਰਾ) : ਤਿਰੂਮਾਲਾ ਮੰਦਰ ’ਚ ਕਥਿਤ ਬੇਅਦਬੀ ਮਗਰੋਂ ਸ਼ੁੱਧੀਕਰਨ ਲਈ ਚਾਰ ਘੰਟੇ ਦੀ ‘ਸ਼ਾਂਤੀ ਹੋਮ ਪੰਚਗਵਯ ਪ੍ਰੋਕਸ਼ਨ’ (ਸ਼ੁੱਧੀਕਰਨ ਰੀਤੀ) ਕਰਵਾਈ ਗਈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ ਟੀ ਡੀ) ਦੇ ਸੂਤਰ ਨੇ ਦੱਸਿਆ ਕਿ ਪੂਜਾ ਸਵੇਰੇ ਛੇ ਵਜੇ ਤੋਂ ਦਸ ਵਜੇ ਤੱਕ ਚੱਲੀ। ਇਸ ਦਾ ਮਕਸਦ ਤਿਰੂਪਤੀ ਦੇ ਲੱਡੂ ਪ੍ਰਸ਼ਾਦ ਆਦਿ ਬਣਾਉਣ ’ਚ ਪਸ਼ੂਆਂ ਦੀ ਚਰਬੀ ਦੀ ਕਥਿਤ ਵਰਤੋਂ ਕਾਰਨ ਹੋਈ ਬੇਅਦਬੀ ਮਗਰੋਂ ਮੰਦਰ ਦਾ ਸ਼ੁੱਧੀਕਰਨ ਕਰਨਾ ਹੈ।
ਅਸਮਾਨੀ ਬਿਜਲੀ ਨਾਲ 8 ਮੌਤਾਂ
ਰਾਜਨੰਦਗਾਂਵ : ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲ੍ਹੇ ਦੇ ਸ਼ੋਮਣੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਜੋਰਾਤਰਾਈ ’ਚ ਸੋਮਵਾਰ ਦੁਪਹਿਰ ਕਰੀਬ ਡੇਢ ਵਜੇ ਅਸਮਾਨੀ ਬਿਜਲੀ ਡਿੱਗਣ ਕਾਰਨ ਕੁਝ ਸਕੂਲੀ ਬੱਚਿਆਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਮੌਨਸੂਨ ਦੀ ਰਾਜਸਥਾਨ ਤੋਂ ਵਾਪਸੀ
ਜੈਪੁਰ : ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਸੋਮਵਾਰ ਸ਼ੁਰੂ ਹੋ ਗਈ ਹੈ। ਇਸ ਵਾਰ ਮੌਨਸੂਨ ਨੇ ਆਮ ਨਾਲੋਂ ਛੇ ਦਿਨ ਪੱਛੜ ਕੇ ਇੱਥੋਂ ਪਰਤਣਾ ਸ਼ੁਰੂ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਦੇ ਬੁਲਾਰੇ ਨੇ ਦੱਸਿਆ ਕਿ ਪੂਰਬੀ ਰਾਜਸਥਾਨ ਦੇ ਕੋਟਾ, ਉਦੈਪੁਰ ਡਵੀਜ਼ਨ ਦੇ ਕੁਝ ਹਿੱਸਿਆਂ ’ਚ 25 ਤੋਂ 30 ਸਤੰਬਰ ਤੱਕ, ਜਦਕਿ ਭਰਤਪੁਰ, ਜੈਪੁਰ ਅਤੇ ਅਜਮੇਰ ਡਵੀਜ਼ਨ ਦੇ ਕੁਝ ਹਿੱਸਿਆਂ ’ਚ 27-29 ਸਤੰਬਰ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।


