ਅਹਿਮਦਾਬਾਦ : ਜਹਾਜ਼ ਹਾਦਸੇ ਤੋਂ ਇੱਕ ਦਿਨ ਬਾਅਦ ਸ਼ੁੱਕਰਵਾਰ ਪਛਾਣ ਤੋਂ ਬਾਅਦ ਛੇ ਮਿ੍ਰਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ।ਪੁਲਸ ਨੇ ਕਿਹਾ ਕਿ ਹੋਰ ਲਾਸ਼ਾਂ, ਜੋ ਅੰਸ਼ਕ ਤੌਰ ’ਤੇ ਜਾਂ ਪੂਰੀ ਤਰ੍ਹਾਂ ਸੜੀਆਂ ਹੋਈਆਂ ਹਨ, ਦਾ ਡੀ ਐੱਨ ਏ ਨਮੂਨਿਆਂ ਨਾਲ ਮੇਲ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ’ਚ ਲਗਭਗ 72 ਘੰਟੇ ਲੱਗਣਗੇ।ਪੁਲਸ ਇੰਸਪੈਕਟਰ ਚਿਰਾਗ ਗੋਸਾਈ ਨੇ ਕਿਹਾ ਕਿ ਪੋਸਟਮਾਰਟਮ ਲਈ ਅਹਿਮਦਾਬਾਦ ਸਿਵਲ ਹਸਪਤਾਲ ’ਚ ਲਿਆਂਦੀਆਂ ਗਈਆਂ 265 ਲਾਸ਼ਾਂ ’ਚੋਂ ਛੇ ਪੀੜਤਾਂ ਦੀ ਪਛਾਣ ਕੀਤੀ ਗਈ ਹੈ, ਕਿਉਕਿ ਉਨ੍ਹਾਂ ਦੇ ਚਿਹਰੇ ਠੀਕ ਸਨ।ਉਨ੍ਹਾਂ ਕਿਹਾ ਕਿ ਹੋਰਨਾਂ ਦੀ ਪਛਾਣ ਕਰਨ ਲਈ ਡੀ ਐੱਨ ਏ ਪ੍ਰੋਫਾਈਲਿੰਗ ਕੀਤੀ ਜਾ ਰਹੀ ਹੈ, ਕਿਉਕਿ ਉਨ੍ਹਾਂ ਦੀਆਂ ਲਾਸ਼ਾਂ ਪਛਾਣ ਤੋਂ ਬਾਹਰ ਤੇ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 215 ਮਿ੍ਰਤਕਾਂ ਦੇ ਰਿਸ਼ਤੇਦਾਰਾਂ ਨੇ ਡੀ ਐੱਨ ਏ ਟੈਸਟ ਲਈ ਆਪਣੇ ਨਮੂਨੇ ਦੇਣ ਲਈ ਸਾਡੇ ਨਾਲ ਸੰਪਰਕ ਕੀਤਾ ਹੈ।ਗੋਸਾਈ ਨੇ ਕਿਹਾ ਕਿ ਡੀ ਐੱਨ ਏ ਨਮੂਨਿਆਂ ਨੂੰ ਮੇਲਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ’ਚ ਲਗਭਗ 72 ਘੰਟੇ ਲੱਗਣਗੇ। ਇੱਕ ਵਾਰ ਮੈਚ ਹੋਣ ਤੋਂ ਬਾਅਦ ਲਾਸ਼ਾਂ ਪੋਸਟਮਾਰਟਮ ਰੂਮ ਤੋਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।


