ਇੰਫਾਲ : ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਜਬਰੀ ਵਸੂਲੀ ਦੇ ਦੋਸ਼ ਹੇਠ ਪੰਜ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਥੌਬਲ, ਕਾਕਚਿੰਗ, ਇੰਫਾਲ ਪੱਛਮੀ ਅਤੇ ਤੈਂਗਨੌਪਾਲ ਜ਼ਿਲ੍ਹਿਆਂ ’ਚ ਗਿ੍ਰਫ਼ਤਾਰੀਆਂ ਕੀਤੀਆਂ ਗਈਆਂ।‘ਯੂਨਾਈਟਿਡ ਪੀਪਲਜ਼ ਪਾਰਟੀ ਆਫ਼ ਕਾਂਗਲੀਪਾਕ’ ਦੇ ਇਕ ਮੈਂਬਰ ਨੂੰ ਕਾਕਚਿੰਗ ਜ਼ਿਲ੍ਹੇ ਦੇ ਲੈਂਗਮੀਡੌਂਗ ਮੈਨਿੰਗ ਲੇਈਕਾਈ ਤੋਂ ਗਿ੍ਰਫ਼ਤਾਰ ਕੀਤਾ ਗਿਆ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਅਕੋਈਜਾਮ ਰੌਬਿਨਸਨ (51) ਵਜੋਂ ਹੋਈ ਹੈ, ਜਿਸ ’ਤੇ ਇੰਫਾਲ ਦੇ ਸਕੂਲਾਂ ਤੋਂ ਜਬਰੀ ਵਸੂਲੀ ਕਰਨ ਦਾ ਦੋਸ਼ ਹੈ।ਉਨ੍ਹਾ ਕਿਹਾ ਕਿ ਉਸ ਕੋਲੋਂ .32 ਪਿਸਤੌਲ ਜ਼ਬਤ ਕੀਤਾ ਗਿਆ ਹੈ।ਪਾਬੰਦੀਸ਼ੁਦਾ ‘ਕਾਂਗਲੀਪਾਕ ਕਮਿਊਨਿਸਟ ਪਾਰਟੀ’ ਦੇ ਇਕ ਮੈਂਬਰ ਨੂੰ ਥੌਬਲ ਜ਼ਿਲ੍ਹੇ ਦੇ ਥੌਬਲ ਮੇਲਾ ਗਰਾਊਂਡ ਤੋਂ ਗਿ੍ਰਫ਼ਤਾਰ ਕੀਤਾ ਗਿਆ, ਜਦਕਿ ਇੱਕ-ਇੱਕ ਮੈਂਬਰ ਨੂੰ ਤੈਂਗਨੌਪਾਲ ਜ਼ਿਲ੍ਹੇ ਦੇ ਸ਼ਾਂਗਤੌਂਗ ’ਚ ਭਾਰਤ-ਮਿਆਂਮਾਰ ਸਰਹੱਦ ਕੋਲੋਂ ਗਿ੍ਰਫ਼ਤਾਰ ਕੀਤਾ ਗਿਆ।
ਪੁਲਸ ਨੇ ਦੱਸਿਆ ਕਿ ਕੇ ਸੀ ਪੀ (ਪੀ ਡਬਲਿਊ ਜੀ) ਦੇ ਇਕ ਮੈਂਬਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਂਗੋਲ ਗੇਮ ਪਿੰਡ ਤੋਂ ਗਿ੍ਰਫ਼ਤਾਰ ਕੀਤਾ ਗਿਆ। ਇੰਫਾਲ ਪੂਰਬੀ ਜ਼ਿਲ੍ਹੇ ਦੇ ਬਰੂਨੀ ਹਿੱਲ ਦੇ ਖਾਲੋਂਗ ’ਚ ਇਕ ਵੱਖਰੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਵਾਹਨ ਰੇਡੀਓ ਸੈੱਟ, 13 ਰੇਡੀਓ ਵਾਇਰਲੈੱਸ ਹੈਂਡਹੈਲਡ ਸੈੱਟ, ਸੱਤ ਵਾਇਰਲੈੱਸ ਸੈੱਟ ਐਂਟੀਨਾ, ਇਕ ਸੋਲਰ ਚਾਰਜਰ ਕਨਵਰਟਰ ਅਤੇ ਤਿੰਨ ਸੋਲਰ ਪਲੇਟ ਸਣੇ ਹੋਰ ਸਾਮਾਨ ਬਰਾਮਦ ਕੀਤਾ।




