ਈਰਾਨੀ ਹਮਲਿਆਂ ਨਾਲ ਤੇਲ ਅਵੀਵ ਦਾ ਨਿਕਲਿਆ ਤੇਲ

0
74

ਤਹਿਰਾਨ : ਇਜ਼ਰਾਇਲ ਵੱਲੋਂ ਈਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਈਰਾਨ ਨੇ ਇਨ੍ਹਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੰਦਿਆਂ ਸ਼ਨੀਵਾਰ ਇਜ਼ਰਾਇਲ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ।ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ ਤਿੰਨ ਵਿਅਕਤੀ ਹਲਾਕ ਹੋ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਮੱਧ ਇਜ਼ਰਾਇਲ ਵਿੱਚ ਘਰਾਂ ਦੇ ਨੇੜੇ ਇੱਕ ਈਰਾਨੀ ਮਿਜ਼ਾਈਲ ਡਿੱਗੀ।ਇਸ ਕਾਰਨ 10 ਵਿਅਕਤੀ ਜ਼ਖਮੀ ਹੋ ਗਏ।ਮੈਗੇਨ ਡੇਵਿਡ ਐਡੋਮ ਦੇ ਡਾਇਰੈਕਟਰ ਏਲੀ ਬਿਨ ਨੇ ਇਜ਼ਰਾਇਲੀ ਚੈਨਲ ਨੂੰ ਦੱਸਿਆ ਕਿ ਜ਼ਖਮੀਆਂ ’ਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੈ। ਪੈਰਾਮੈਡਿਕ ਸੇਵਾ ਨੇ ਕਿਹਾ ਕਿ ਕਈ ਲੋਕ ਅਜੇ ਵੀ ਫਸੇ ਹੋਏ ਹਨ।
ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਜ਼ਰਾਇਲ ਦੇ ਦੋ ਆਧੁਨਿਕ ਐੱਫ-35 ਲੜਾਕੂ ਜਹਾਜ਼ਾਂ ਨੂੰ ਸੁੱਟ ਲਿਆ ਹੈ। ਈਰਾਨ ਦੀ ਸਰਕਾਰੀ ਮੀਡੀਆ ਨਿਊਜ਼ ਏਜੰਸੀ ਅਨੁਸਾਰ ਇਨ੍ਹਾਂ ਜਹਾਜ਼ਾਂ ਨੂੰ ਈਰਾਨ ਹਵਾਈ ਰੱਖਿਆ ਪ੍ਰਣਾਲੀ ਨੇ ਸ਼ੁੱਕਰਵਾਰ ਤਬਾਅ ਕਰ ਦਿੱਤਾ, ਜਦ ਉਹ ਈਰਾਨ ਹਵਾਈ ਖੇਤਰ ’ਚ ਆਏ ਸਨ। ਈਰਾਨ ਨੇ ਇਹ ਵੀ ਦਾਅਵਾ ਕੀਤਾ ਕਿ ਇੱਕ ਮਹਿਲਾ ਪਾਇਲਟ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜੋ ਇਨ੍ਹਾਂ ’ਚੋਂ ਇੱਕ ਜਹਾਜ ’ਚੋਂ ਪੈਰਾਸ਼ੂਟ ਜ਼ਰੀਏ ਉਤਰੀ ਸੀ। ਹਾਲਾਂਕਿ ਇਜ਼ਰਾਇਲ ਰੱਖਿਆ ਬਲ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰ ਦਿੱਤਾ।
ਈਰਾਨ ਨੇ ਸ਼ਨੀਵਾਰ ਸਵੇਰੇ ਇਜ਼ਰਾਇਲ ’ਤੇ ਮਿਜ਼ਾਇਲੀ ਹਮਲੇ ਕੀਤੇ, ਜਿਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆ ’ਚ ਸਾਇਰਨ ਵੱਜਣ ਲੱਗੇ। ਸਾਇਰਨ ਦੀ ਆਵਾਜ਼ ਸੁਣ ਕੇ ਲੋਕ ਸੁਰੱਖਿਅਤ ਸਥਾਨਾਂ ਵੱਲ ਭੱਜੇ। ਕਈ ਮਿਜ਼ਾਇਲਾਂ ਨੂੰ ਹਵਾ ’ਚ ਮਾਰ ਦਿੱਤਾ ਗਿਆ, ਪਰ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕੁਝ ਮਿਜ਼ਾਇਲਾਂ ਆਪਣੇ ਨਿਸ਼ਾਨੇ ’ਤੇ ਲੱਗੀਆਂ। ਇੱਕ ਮਿਜ਼ਾਇਲ ਇਜ਼ਰਾਇਲ ਦੇ ਰਿਹਾਇਸ਼ੀ ਇਲਾਕੇ ’ਚ ਡਿੱਗੀ, ਜਿਸ ਤੋਂ ਬਾਅਦ ਮਲਬਾ ਚਾਰੇ ਪਾਸੇ ਫੈਲ ਗਿਆ, ਗੱਡੀਆ ਨੁਕਸਾਨੀਆ ਗਈਆਂ ਅਤੇ ਇੱਕ ਘਰ ਦਾ ਹਿੱਸਾ ਡਿੱਗ ਗਿਆ। ਇਜ਼ਰਾਇਲ ਦੀ ਐਮਰਜੈਂਸੀ ਸਰਵਿਸ ਮੇਗਨ ਡੇਵਿਡ ਓਡੋਮ (ਐੱਮ ਡੀ ਏ) ਨੇ ਕਿਹਾ ਕਿ ਈਰਾਨ ਦੇ ਹਵਾਈ ਹਵਾਈ ਹਮਲਿਆਂ ’ਚ 2 ਵਿਅਕਤੀਆਂ ਦੀ ਮੌਤ, 21 ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ।
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਘਾਈ ਨੇ ਕਿਹਾ ਕਿ ਹੁਣ ਅਮਰੀਕਾ ਨਾਲ ਪ੍ਰਮਾਣੂ ਪ੍ਰੋਗਰਾਮ ’ਤੇ ਗੱਲਬਾਤ ਕਰਨਾ ਬੇਕਾਰ ਹੈ। ਬਘਾਈ ਨੇ ਕਿਹਾ ਕਿ ਅਮਰੀਕਾ ਨੇ ਹੀ ਇਜ਼ਰਾਇਲ ਨੂੰ ਇਨ੍ਹਾਂ ਹਮਲਿਆਂ ਦੀ ਇਜਾਜ਼ਤ ਦੇ ਕੇ ਗੱਲਬਾਤ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਉਨ੍ਹਾ ਅਮਰੀਕਾ ’ਤੇ ਇਜ਼ਰਾਇਲ ਨੂੰ ਸਮਰਥਨ ਦੇਣ ਦਾ ਦੋਸ਼ ਵੀ ਲਾਇਆ।
ਈਰਾਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਹਮਲੇ ਜਾਰੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਖੇਤਰ ਅਮਰੀਕੀ ਟਿਕਾਣਿਆਂ ਤੱਕ ਫੈਲ ਜਾਵੇਗਾ।
ਈਰਾਨ ਨੇ ਸ਼ਨੀਵਾਰ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਉਤਰ-ਪੱਛਮ ਸਲਮਾਸ ਸਰਹੱਦ ਦੇ ਕੋਲ ਇਜ਼ਰਾਇਲੀ ਡਰੋਨ ਨੂੰ ਮਾਰ ਦਿੱਤਾ। ਈਰਾਨ ਦੇ ਰਾਕੇਟ ਹਮਲੇ ਨੇ ਤੇਲ ਅਵੀਵ ਦੇ ਦੱਖਣ ’ਚ ਰਿਸ਼ੋਨ ਲੇਜੀਯੋਨ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਇਜ਼ਰਾਇਲ ਦੀ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਮਲਬੇ ’ਚ ਕਈ ਲੋਕ ਦੱਬੇ ਹੋ ਸਕਦੇ ਹਨ।
ਈਰਾਨੀ ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਈਰਾਨ ਨੇ ਅਮਰੀਕਾ, ਬਿ੍ਰਟੇਨ ਅਤੇ ਫਰਾਂਸ ਨੂੰ ਚੇਤਵਾਨੀ ਦਿੱਤੀ ਹੈ ਕਿ ਜੇ ਉਨ੍ਹਾਂ ਇਜ਼ਰਾਇਲ ’ਤੇ ਈਰਾਨੀ ਹਮਲਿਆਂ ਨੂੰ ਰੋਕਣ ’ਚ ਮਦਦ ਕੀਤੀ ਤਾਂ ਖੇਤਰ ’ਚ ਉਨ੍ਹਾਂ ਦੇ ਟਿਕਾਣਿਆਂ ਅਤੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸੇ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਕਿਹਾ ਕਿ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ’ਚ ਸਾਊਦੀ ਅਰਬ ਨਾਲ ਫਲਸਤੀਨ ਦੇ ਮੁੱਦੇ ’ਤੇ ਹੋਣ ਵਾਲੀ ਅੰਤਰਰਾਸ਼ਟਰੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ।