ਲਖਨਊ : ਸਾਊਦੀ ਏਅਰਲਾਈਨ ਦੇ 242 ਹੱਜ ਯਾਤਰੀਆਂ ਨੂੰ ਲੈ ਕੇ ਜੇਦਾਹ ਤੋਂ ਲਖਨਊ ਪੁੱਜੇ ਜਹਾਜ਼ ਦੀ ਲੈਂਡਿੰਗ ਮੌਕੇ ਪਹੀਆਂ ਵਿੱਚੋਂ ਚੰਗਿਆੜੇ ਨਿਕਲਣ ਕਰਕੇ ਇਥੇ ਹਵਾਈ ਅੱਡੇ ’ਤੇ ਅਲਾਰਮ ਵੱਜ ਗਿਆ। ਇਹ ਘਟਨਾ ਐਤਵਾਰ ਸਵੇਰ ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡੇ ਦੀ ਹੈ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਜਹਾਜ਼ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ। ਇਸੇ ਦੌਰਾਨ ਏਅਰ ਇੰਡੀਆ ਦੀ ਹਾਂਗਕਾਂਗ ਤੋਂ ਦਿੱਲੀ ਆ ਰਹੀ ਉਡਾਣ ਨੂੰ ਤਕਨੀਕੀ ਨੁਕਸ ਕਰਕੇ ਵਾਪਸ ਹਾਂਗਕਾਂਗ ਮੋੜ ਲਿਆ ਗਿਆ। ਸੂਤਰਾਂ ਨੇ ਕਿਹਾ ਕਿ ਜਹਾਜ਼ ਹਾਂਗਕਾਂਗ ਹਵਾਈ ਅੱਡੇ ’ਤੇ ਸੁਰੱਖਿਅਤ ਉੱਤਰ ਗਿਆ। ਏਅਰ ਇੰਡੀਆ ਦੀ ਉਡਾਣ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ 12:16 ਵਜੇ ਰਵਾਨਾ ਹੋਈ ਸੀ ਤੇ ਇਸ ਨੇ ਭਾਰਤੀ ਸਮੇਂ ਮੁਤਾਬਕ ਦਿੱਲੀ ਵਿੱਚ ਬਾਅਦ ਦੁਪਹਿਰ 12:20 ਵਜੇ ਉਤਰਨਾ ਸੀ। ਇਸ ਤੋਂ ਪਹਿਲਾਂ ਲੁਫਥਹਾਂਸਾ ਏਅਰਲਾਈਨ ਦੀ ਫਰੈਂਕਫਰਟ ਤੋਂ ਹੈਦਰਾਬਾਦ ਆ ਰਹੀ ਉਡਾਣ ਨੂੰ ਐਤਵਾਰ ਬੰਬ ਦੀ ਧਮਕੀ ਮਗਰੋਂ ਵਾਪਸ ਮੋੜਨਾ ਪਿਆ। ਲੰਡਨ ਦੇ ਹੀਥਰੋ ਏਅਰਪੋਰਟ ਤੋਂ ਚੇਨਈ ਲਈ ਨਿਕਲੇ ਬਿ੍ਰਟਿਸ਼ ਏਅਰਵੇਜ਼ ਦੇ ਜਹਾਜ਼ ਨੂੰ ਵੀ ਤਕਨੀਕੀ ਨੁਕਸ ਕਾਰਨ ਵਾਪਸ ਪਰਤਣਾ ਪਿਆ।



