ਨਵੀਂ ਦਿੱਲੀ : ਭਾਰਤੀ ਸਾਹਿਤ ਅਕੈਡਮੀ ਨੇ 2025 ਦੇ ਬਾਲ ਸਾਹਿਤ ਇਨਾਮਾਂ ਦਾ ਬੁੱਧਵਾਰ ਐਲਾਨ ਕਰ ਦਿੱਤਾ, ਜਿਸ ਤਹਿਤ ਪੰਜਾਬੀ ਵਿੱਚ ਇਹ ਇਨਾਮ ਪਾਲੀ ਖ਼ਾਦਿਮ ਦੇ ਨਾਵਲ ‘ਜਾਦੂ-ਪੱਤਾ’ ਨੂੰ ਦਿੱਤਾ ਗਿਆ ਹੈ। ਪੰਜਾਬੀ ਵਿੱਚ ਇਨਾਮ ਦਾ ਫੈਸਲਾ ਕਰਨ ਵਾਲੀ ਜਿਊਰੀ ਵਿੱਚ ਕਵੀ ਦਰਸ਼ਨ ਬੁੱਟਰ, ਕਮਲਜੀਤ ਨੀਲੋਂ ਅਤੇ ਅਤੇ ਡਾ. ਪਰਮਿੰਦਰ ਸਿੰਘ ਸ਼ਾਮਲ ਸਨ।
ਅਕੈਡਮੀ ਦੇ ਮੁਖੀ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਮੰਡਲ ਵੱਲੋਂ 24 ਭਾਸ਼ਾਵਾਂ ਦੇ ਲੇਖਕਾਂ ਦੀ ਚੋਣ ਕੀਤੀ ਗਈ ਅਤੇ ਤੈਅ ਪ੍ਰਕਿਰਿਆ ਅਪਣਾਈ ਗਈ। ਇਨਾਮਾਂ ਲਈ ਪੁਸਤਕਾਂ 1 ਜਨਵਰੀ 2019 ਤੋਂ 31 ਦਸੰਬਰ 2023 ਦੇ ਸਾਲਾਂ ਦੌਰਾਨ ਛਪੀਆਂ ਲਈਆਂ ਗਈਆਂ। ਇਨਾਮ ਜੇਤੂ ਲੇਖਕਾਂ ਨੂੰ 50 ਹਜ਼ਾਰ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਭਵਿੱਖ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰ ਕੇ ਦਿੱਤੇ ਜਾਣਗੇ।
ਭਾਰਤੀ ਸਾਹਿਤ ਅਕੈਡਮੀ ਦੇ ਪੰਜਾਬੀ ਹਿੱਸੇ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਦੱਸਿਆ ਕਿ ਹਿੰਦੀ ਵਿੱਚ ‘ਇੱਕ ਬਟੇ ਬਾਰਾਂ’ (ਕਹਾਣੀ) ਦੇ ਲੇਖਕ ਸੁਸ਼ੀਲ ਸ਼ੁਕਲ, ਅੰਗਰੇਜ਼ੀ ਲਈ ਲੇਖਕ ਨਿਖਿਲ ਕੁਸ਼ਲੱਪਾ ਐੱਮ ਪੀ ਦੇ ਕਹਾਣੀ ਸੰਗ੍ਰਹਿ ‘ਦੱਖਣ, ਸਾਊਥ ਇੰਡੀਅਨ ਮਿਥਸ ਐਂਡ ਫੈਵਲਸ ਰੀਟੋਲਡ’ ਨੂੰ, ਉਰਦੂ ਵਿੱਚ ਗ਼ਜ਼ਨਫ਼ਰ ਇਕਬਾਲ ਦੀ ਲੇਖਾਂ ਦੀ ਕਿਤਾਬ ‘ਕੌਮੀ ਸਿਤਾਰੇ’ ਨੂੰ ਇਹ ਐਵਾਰਡ ਦੇਣ ਦਾ ਫੈਸਲਾ ਗਿਆ ਹੈ। ਸਿੰਧੀ ਲਈ ਲੇਖਕ ਲੇਖਕ ਹਿਨਾ ਨਗਨਾਨੀ ‘ਹੀਰ’ ਦੀ ਕਿਤਾਬ ‘ਅਸਮਾਨੀ ਪਰੀ’ (ਕਵਿਤਾ) ਨੂੰ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਅਸਾਮੀ, ਬੰਗਾਲੀ, ਉੜੀਆ, ਤਾਮਿਲ, ਤੇਲਗੂ ਸਮੇਤ ਬਾਕੀ ਸੂਚੀਬੱਧ ਭਾਸ਼ਾਵਾਂ ਦੇ ਬਾਲ ਲੇਖਕਾਂ ਦੀਆਂ ਕਿਤਾਬਾਂ ਵੀ ਇਨਾਮ ਲਈ ਚੁਣੀਆਂ ਗਈਆਂ ਹਨ। ਕੁੱਲ 24 ਕਿਤਾਬਾਂ ਦੀ ਚੋਣ ਬਾਲ ਸਾਹਿਤ ਇਨਾਮ ਲਈ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਨੌਂ ਕਹਾਣੀ ਸੰਗ੍ਰਹਿ, ਅੱਠ ਕਵਿਤਾ ਸੰਗ੍ਰਹਿ, ਚਾਰ ਨਾਵਲ ਤੇ ਨਾਟਕ ਦੀਆਂ ਦੋ ਕਿਤਾਬਾਂ ਅਤੇ ਲੇਖਾਂ ਦੀ ਇੱਕ ਕਿਤਾਬ ਹੈ।
ਪਾਲੀ ਖ਼ਾਦਿਮ (ਅੰਮਿ੍ਰਤਪਾਲ ਸਿੰਘ) ਅਹਿਮਦਗੜ੍ਹ ਦੇ ਰਹਿਣ ਵਾਲੇ ਅਤੇ ਅਧਿਆਪਕ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਲੋਕ ਸਾਜ਼ਾਂ ’ਤੇ ਅਧਾਰਤ ਵੰਨਗੀ ‘ਫੋਕ ਆਰਕੈਸਟਰਾ’ ਵਿੱਚ ਸਾਲ 2002 ਵਿੱਚ ਸੋਨ ਤਮਗਾ ਜੇਤੂ, ਪੰਜਾਬੀ ਸਾਹਿਤ ਦੀ ਸੇਵਾ ਵਿੱਚ ਪੰਜ ਕਿਤਾਬਾਂ‘ਸਵੈ ਦੀ ਤਸਦੀਕ’ ਗ਼ਜ਼ਲ ਸੰਗ੍ਰਹਿ, ‘ਜਾਦੂ ਪੱਤਾ’ ਬਾਲ ਨਾਵਲ, ‘ਸਾਡੀ ਕਿਤਾਬ’ ਬਾਲ ਕਵਿਤਾ, ‘ਵਾਇਰਸ’ ਬਾਲ ਨਾਵਲ ਅਤੇ ‘ਪੰਜਾਬੀ ਵਿਆਕਰਨ’ (ਕਵਿਤਾ ਰੂਪ ਵਿੱਚ) ਲਿਖ ਚੁੱਕੇ ਹਨ। ਪੰਜਾਬੀ ਰੰਗ-ਮੰਚ ਨਾਲ ਜੁੜੇ ਰਹੇ ਪਾਲੀ ਨੂੰ ਕੋਰੀਓਗ੍ਰਾਫੀ, ਹਿਸਟਾਨਿਕਸ, ਸਕਿੱਟ, ਮਮਿਕਰੀ ਅਤੇ ਮਾਈਮ ਆਦਿ ਦਾ ਵੀ ਗਿਆਨ ਹੈ।
ਇਸੇ ਦੌਰਾਨ ਯੁਵਾ ਪੁਰਸਕਾਰ ਪੰਜਾਬੀ ਕਵਿੱਤਰੀ ਮਨਦੀਪ ਔਲਖ ਦੀ ਕਵਿਤਾ ਦੀ ਕਿਤਾਬ ‘ਗਰਲਜ਼ ਹੋਸਟਲ’ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਭਾਰਤੀ ਸਾਹਿਤ ਅਕੈਡਮੀ ਵੱਲੋਂ ਇਸ ਇਨਾਮ ਲਈ ਜਸਵੀਰ ਸਿੰਘ ਰਾਣਾ, ਜਸਵਿੰਦਰ ਸਿੰਘ ਸੈਣੀ ਅਤੇ ਪਰਮਜੀਤ ਸਿੰਘ ਮਾਨ ਦੀ ਤਿੰਨ ਮੈਂਬਰੀ ਜਿਊਰੀ ਬਣਾਈ ਗਈ ਸੀ।
ਮਨਦੀਪ ਔਲਖ ਨੇ ਐੱਮ ਏ ਆਨਰਜ਼ (ਅੰਗਰੇਜ਼ੀ) ਦੀ ਪੜ੍ਹਾਈ ਕੀਤੀ ਹੈ ਅਤੇ ਪੀ ਐੱਚ ਡੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਕੀਤੀ ਹੈ। ਉਹ ਐੱਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਅੰਗਰੇਜ਼ੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾ ਹੁਣ ਤੱਕ ‘ਮਨ ਕਸਤੂਰੀ’ (2019) ਅਤੇ ‘ਗਰਲਜ਼ ਹੋਸਟਲ’ (2024) ਦੋ ਕਵਿਤਾ ਸੰਗ੍ਰਹਿ ਲਿਖੇ ਹਨ। ਉਨ੍ਹਾ 3 ਕਿਤਾਬਾਂ ਅਨੁਵਾਦ ਵੀ ਕੀਤੀਆਂ ਹਨ।



