ਵਿਸ਼ਾਖਾਪਟਨਮ : ਭਾਰਤ ਦੀਆਂ ਸਾਹਿਲੀ ਰੱਖਿਆ ਸਮਰਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਨੇਵਲ ਡੌਕਯਾਰਡ ਵਿਖੇ ਆਈ ਐੱਨ ਐੱਸ ਅਰਨਾਲਾ ਨੂੰ ਬੁੱਧਵਾਰ ਨੇਵੀ ਵਿੱਚ ਸ਼ਾਮਲ ਕੀਤਾ ਗਿਆ। ਇਹ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ ’ਤੇ ਤਿਆਰ ਕੀਤਾ ਪਣਡੁੱਬੀ-ਤੋੜਜੰਗੀ ਸ਼ੈਲੋ ਵਾਟਰ ਕਰਾਫਟ ਹੈ। ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਡਿਫੈਂਸ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ ਨੇ ਕੀਤੀ। ਇਹ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼, ਕੋਲਕਾਤਾ ਵੱਲੋਂ ਬਣਾਇਆ ਗਿਆ ਹੈ। 77 ਮੀਟਰ ਲੰਮਾ ਇਹ ਸਮੁੰਦਰੀ ਜਹਾਜ਼ ਪਾਣੀ ਹੇਠ ਨਿਗਰਾਨੀ ਪ੍ਰਣਾਲੀਆਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਰਗੀਆਂ ਕਾਰਵਾਈਆਂ ਦੇ ਸਮਰੱਥ ਹੈ। ਇਸ ਦਾ ਨਾਂਅ ਮਹਾਰਾਸ਼ਟਰ ਦੇ ਵਸਈ ਲਾਗਲੇ ਇਤਿਹਾਸਕ ਅਰਨਾਲਾ ਕਿਲ੍ਹੇ ਦੇ ਨਾਂਅ ’ਤੇ ਰੱਖਿਆ ਗਿਆ ਹੈ। ਇਸ ਨੂੰ ਘੱਟ ਪਾਣੀ ਵਿੱਚ ਚੱਲਣ ਲਈ ਤਿਆਰ ਕੀਤਾ ਗਿਆ ਹੈ ਤੇ ਇਹ ਡੀਜ਼ਲ ਇੰਜਣ-ਵਾਟਰਜੈੱਟ ਸੁਮੇਲ ਦੁਆਰਾ ਚਲਾਇਆ ਜਾਣ ਵਾਲਾ ਸਭ ਤੋਂ ਵੱਡਾ ਭਾਰਤੀ ਜੰਗੀ ਜਹਾਜ਼ ਹੈ।



