ਪ੍ਰੇਮੀ ਤੇ ਭਾੜੇ ਦੇ ਕਾਤਲਾਂ ਤੋਂ ਪਤੀ ਮਰਵਾਇਆ

0
163

ਜੈਪੁਰ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਕਥਿਤ ਤੌਰ ’ਤੇ ਆਪਣੇ ਪ੍ਰੇਮੀ ਅਤੇ ਚਾਰ ਹੋਰਨਾਂ ਨਾਲ ਮਿਲ ਕੇ ਆਪਣਾ ਪਤੀ ਮਾਰ ਦਿੱਤਾ। ਮਿ੍ਰਤਕ ਦੀ ਪਤਨੀ ਅਨੀਤਾ ਦੀ ਮੁੱਖ ਮੁਲਜ਼ਮ ਕਾਸ਼ੀ ਨਾਲ ਇੰਸਟਾਗਰਾਮ ਰਾਹੀਂ ਮੁਲਾਕਾਤ ਹੋਈ ਸੀ। ਇਹ ਅਪਰਾਧ ਇਸ ਕਰਕੇ ਸਾਹਮਣੇ ਆਇਆ, ਕਿਉਂਕਿ ਮਿ੍ਰਤਕ ਵੀਰੂ ਜਾਟਵ ਦੇ ਨੌਂ ਸਾਲ ਦੇ ਪੁੱਤਰ ਨੇ ਕਤਲ ਹੁੰਦਾ ਦੇਖ ਲਿਆ ਸੀ ਅਤੇ ਉਸ ਨੇ ਪੁਲਸ ਨੂੰ ਸਾਰਾ ਕੁਝ ਦੱਸ ਦਿੱਤਾ। ਵੀਰੂ ਜਾਟਵ ਦੀ 7 ਜੂਨ ਦੀ ਰਾਤ ਨੂੰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਵਾਰਦਾਤ ਨੂੰ ਅਨੀਤਾ, ਉਸ ਦੇ ਪ੍ਰੇਮੀ ਕਾਸ਼ੀ ਅਤੇ ਚਾਰ ਭਾੜੇ ਦੇ ਕਾਤਲਾਂ ਨੇ ਮਿਲ ਕੇ ਅੰਜਾਮ ਦਿੱਤਾ। ਅਨੀਤਾ ਨੇ ਕਾਤਲਾਂ ਨੂੰ ਅੰਦਰ ਆਉਣ ਦੇਣ ਲਈ ਘਰ ਦਾ ਬੂਹਾ ਖੋਲ੍ਹਿਆ ਅਤੇ ਜਦੋਂ ਉਸ ਦੇ ਪਤੀ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਤਾਂ ਉਹ ਚੁੱਪਚਾਪ ਖੜ੍ਹੀ ਦੇਖਦੀ ਰਹੀ। ਸ਼ੁਰੂ ਵਿੱਚ ਵੀਰੂ ਨੂੰ ਦਿਲ ਦਾ ਦੌਰਾ ਪੈਣ ਦੀ ਰਿਪੋਰਟ ਕੀਤੀ ਗਈ ਸੀ, ਪਰ ਮੁੰਡੇ ਦੇ ਬਿਆਨ ਅਤੇ ਸੀ ਸੀ ਟੀ ਵੀ ਫੁਟੇਜ਼ ਰਾਹੀਂ ਇਸ ਘਿਨਾਉਣੀ ਸਾਜ਼ਿਸ਼ ਦੀ ਸੱਚਾਈ ਸਾਹਮਣੇ ਆਈ। ਡੀ ਐੱਸ ਪੀ ਕੈਲਾਸ਼ ਚੰਦ ਨੇ ਦੱਸਿਆ ਕਿ ਕਾਸ਼ੀ ਨੇ ਕਥਿਤ ਤੌਰ ’ਤੇ ਕਾਤਲਾਂ ਨੂੰ 2 ਲੱਖ ਰੁਪਏ ਦਿੱਤੇ ਸਨ। ਅਨੀਤਾ ਅਤੇ ਕਾਸ਼ੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।ਇਹ ਅਪਰਾਧ ਇੰਦੌਰ (ਮੱਧ ਪ੍ਰਦੇਸ਼) ਦੇ ਰਾਜਾ ਰਘੂਵੰਸ਼ੀ ਦੇ ਉਸ ਦੀ ਪਤਨੀ ਸੋਨਮ ਵੱਲੋਂ ਆਪਣੇ ਪ੍ਰੇਮੀ ਅਤੇ ਤਿੰਨ ਹੋਰਨਾਂ ਤੋਂ ਬੀਤੀ 23 ਮਈ ਨੂੰ ਮੇਘਾਲਿਆ ਵਿੱਚ ਹਨੀਮੂਨ ’ਤੇ ਗਏ ਹੋਣ ਸਮੇਂ ਕਰਵਾਏ ਗਏ ਭਿਆਨਕ ਕਤਲ ਦੀ ਯਾਦ ਦਿਵਾਉਂਦਾ ਹੈ। ਰਘੂਵੰਸ਼ੀ ਦੀ ਗਲੀ-ਸੜੀ ਲਾਸ਼ 2 ਜੂਨ ਨੂੰ ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਸੋਹਰਾ ਖੇਤਰ (ਜਿਸ ਨੂੰ ਚੇਰਾਪੂੰਜੀ ਵੀ ਕਿਹਾ ਜਾਂਦਾ ਹੈ) ਵਿੱਚ ਇੱਕ ਝਰਨੇ ਦੇ ਨੇੜੇ ਇੱਕ ਡੂੰਘੀ ਖੱਡ ਵਿੱਚੋਂ ਮਿਲੀ ਸੀ।