ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰ ਐੱਸ ਐੱਸ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਨੇਤਾ ਨਹੀਂ ਚਾਹੁੰਦੇ ਕਿ ਭਾਰਤ ਦੇ ਗਰੀਬ ਬੱਚੇ ਅੰਗਰੇਜ਼ੀ ਭਾਸ਼ਾ ਸਿੱਖਣ। ਰਾਹੁਲ ਦੀ ਇਹ ਟਿੱਪਣੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਜੋ ਦੇਸ਼ ਵਿੱਚ ਅੰਗਰੇਜ਼ੀ ਭਾਸ਼ਾ ਬੋਲਦੇ ਹਨ, ਜਲਦੀ ਹੀ ‘ਸ਼ਰਮ’ ਮਹਿਸੂਸ ਕਰਨਗੇ। ਰਾਹੁਲ ਨੇ ਕਿਹਾ, ‘ਅੰਗਰੇਜ਼ੀ ਕੋਈ ਰੁਕਾਵਟ ਨਹੀਂ, ਸਗੋਂ ਅੱਗੇ ਵਧਣ ਲਈ ਪੁਲ ਹੈ। ਅੰਗਰੇਜ਼ੀ ਸ਼ਰਮ ਨਹੀਂ, ਇਹ ਸ਼ਕਤੀ ਹੈ। ਅੰਗਰੇਜ਼ੀ ਜ਼ੰਜੀਰਾਂ ਨੂੰ ਤੋੜਨ ਦਾ ਇੱਕ ਸਾਧਨ ਹੈ।’ ਇਹ ਗੱਲ ਉਨ੍ਹਾ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ਉਤੇ ਹਿੰਦੀ ਵਿੱਚ ਪਾਈ ਇੱਕ ਪੋਸਟ ਵਿਚ ਕਹੀ ਹੈ। ਉਨ੍ਹਾ ਕਿਹਾ, ‘ਭਾਜਪਾ-ਆਰ ਐੱਸ ਐੱਸ ਨਹੀਂ ਚਾਹੁੰਦੇ ਕਿ ਭਾਰਤ ਦੇ ਗਰੀਬ ਬੱਚੇ ਅੰਗਰੇਜ਼ੀ ਸਿੱਖਣ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਤੁਸੀਂ ਸਵਾਲ ਪੁੱਛੋ, ਅੱਗੇ ਵਧੋ ਅਤੇ ਬਰਾਬਰ ਬਣੋ।’ ਉਨ੍ਹਾ ਕਿਹਾ ਕਿ ਅੱਜ ਦੀ ਦੁਨੀਆ ਵਿੱਚ ਅੰਗਰੇਜ਼ੀ, ਮਾਂ-ਬੋਲੀ ਵਾਂਗ ਹੀ ਅਹਿਮ ਹੈ, ਕਿਉਂਕਿ ਇਸ ਨਾਲ ਰੁਜ਼ਗਾਰ ਹਾਸਲ ਕਰਨ ਵਿੱਚ ਆਸਾਨੀ ਆਉਂਦੀ ਹੈ ਅਤੇ ਆਤਮ-ਵਿਸ਼ਵਾਸ ਵੀ ਵਧਦਾ ਹੈ। ਰਾਹੁਲ ਨੇ ਕਿਹਾ, ‘ਭਾਰਤ ਦੀ ਹਰ ਭਾਸ਼ਾ ਦਾ ਆਪਣਾ ਗਿਆਨ, ਸੱਭਿਆਚਾਰ ਅਤੇ ਆਪਣੀ ਆਤਮਾ ਹੈ। ਇਨ੍ਹਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਸਾਨੂੰ ਅੰਗਰੇਜ਼ੀ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਬੱਚੇ ਨੂੰ ਅੰਗਰੇਜ਼ੀ ਸਿਖਾਉਣੀ ਚਾਹੀਦੀ ਹੈ। ਇਹ ਉਸ ਭਾਰਤ ਲਈ ਰਸਤਾ ਹੈ, ਜੋ ਦੁਨੀਆ ਨਾਲ ਮੁਕਾਬਲਾ ਕਰੇਗਾ ਅਤੇ ਹਰ ਬੱਚੇ ਨੂੰ ਬਰਾਬਰ ਦੇ ਮੌਕੇ ਮਿਲਣਗੇ।’




