ਏਅਰ ਇੰਡੀਆ ਦਾ ਰੱਬ ਰਾਖਾ

0
106

ਮੁੰਬਈ : ਏਅਰ ਇੰਡੀਆ ਦੀ ਦਿੱਲੀ ਤੋਂ ਪੁਣੇ ਜਾਣ ਵਾਲੀ ਉਡਾਣ ਵਿੱਚ ਸ਼ੁੱਕਰਵਾਰ ਨੂੰ ਪੰਛੀ ਟਕਰਾਉਣ ਕਾਰਨ ਏਅਰਲਾਈਨ ਨੂੰ ਆਪਣੀ ਵਾਪਸੀ ਯਾਤਰਾ ਰੱਦ ਕਰਨੀ ਪਈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰਿਆ ਅਤੇ ਪੁਣੇ ਵਿੱਚ ਉਤਰਨ ਤੋਂ ਬਾਅਦ ਪਰਿੰਦਾ ਟਕਰਾਉਣ ਦਾ ਪਤਾ ਲੱਗਿਆ।
ਏਅਰਲਾਈਨ ਨੇ ਕਿਹਾ ਕਿ ਇਸ ਘਟਨਾ ਕਾਰਨ ਜਹਾਜ਼ ਨੂੰ ਰੋਕ ਲਿਆ ਗਿਆ ਹੈ ਅਤੇ ਇੰਜਨੀਅਰਿੰਗ ਟੀਮ ਵੱਲੋਂ ਇਸ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਕਿ 20 ਜੂਨ ਨੂੰ ਪੁਣੇ ਤੋਂ ਦਿੱਲੀ ਜਾਣ ਵਾਲੀ (ਵਾਪਸੀ) ਉਡਾਣ ਏ ਆਈ-2470 ਨੂੰ ਪੰਛੀ ਟਕਰਾਉਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪੰਛੀ ਦੇ ਟਕਰਾਉਣ ਦਾ ਪਤਾ ਉਡਾਣ ਦੇ ਪੁਣੇ ਵਿੱਚ ਸੁਰੱਖਿਅਤ ਉਤਰਨ ਤੋਂ ਬਾਅਦ ਲੱਗਿਆ ਸੀ।ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਫਸੇ ਹੋਏ ਮੁਸਾਫਰਾਂ ਨੂੰ ਰਿਹਾਇਸ਼ ਦੀ ਸਹੂਲਤ ਦੇਣ ਸਮੇਤ ਸਾਰੇ ਪ੍ਰਬੰਧ ਕਰ ਰਹੀ ਹੈ।
ਇਸੇ ਦੌਰਾਨ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਮੁਰੰਮਤ ਅਤੇ ਸੰਚਾਲਨ ਕਾਰਨਾਂ ਦੇ ਹਵਾਲੇ ਨਾਲ ਚਾਰ ਕੌਮਾਂਤਰੀ ਫਲਾਈਟਾਂ ਸਣੇ ਕੁੱਲ ਅੱਠ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਕਿਹਾ ਕਿ ਜ਼ਮੀਨ ’ਤੇ ਮੌਜੂਦ ਉਸ ਦੀਆਂ ਟੀਮਾਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਸੰਬੰਧਤ ਮੰਜ਼ਲਾਂ ’ਤੇ ਜਲਦੀ ਤੋਂ ਜਲਦੀ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕਰ ਰਹੀਆਂ ਹਨ।
ਏਅਰਲਾਈਨ ਨੇ ਕਿਹਾ ਕਿ ਉਸ ਨੇ ਯਾਤਰੀਆਂ ਨੂੰ ਟਿਕਟ ਰੱਦ ਕਰਨ ਜਾਂ ਮੁਫਤ ਰੀਸ਼ਡਿਊਲਿੰਗ ’ਤੇ ਪੂਰੇ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਹੈ। ਰੱਦ ਕੀਤੀਆਂ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ਵਿਚ ਦੁਬਈ ਤੋਂ ਚੇਨਈ ਲਈ ਏ ਆਈ-906, ਦਿੱਲੀ ਤੋਂ ਮੈਲਬੋਰਨ ਲਈ ਏ ਆਈ-308, ਮੈਲਬੋਰਨ ਤੋਂ ਦਿੱਲੀ ਲਈ ਏ ਆਈ-309 ਅਤੇ ਦੁਬਈ ਤੋਂ ਹੈਦਰਾਬਾਦ ਲਈ ਏ ਆਈ-2204 ਸ਼ਾਮਲ ਹਨ। ਚਾਰ ਘਰੇਲੂ ਉਡਾਣਾਂ ਪੁਣੇ ਤੋਂ ਦਿੱਲੀ ਲਈ ਏ ਆਈ-874, ਅਹਿਮਦਾਬਾਦ ਤੋਂ ਦਿੱਲੀ ਲਈ ਏ ਆਈ-456, ਹੈਦਰਾਬਾਦ ਤੋਂ ਮੁੰਬਈ ਲਈ ਏ ਆਈ-2872, ਅਤੇ ਚੇਨਈ ਤੋਂ ਮੁੰਬਈ ਲਈ ਏ ਆਈ-571 ਰੱਦ ਕੀਤੀਆਂ ਗਈਆਂ ਹਨ।