ਸਵਾਰੀਆਂ ਨੂੰ ਲੁੱਟਣ ਵਾਲੇ 5 ਪੰਜਾਬੀਆਂ ਸਣੇ 11 ਗਿ੍ਰਫਤਾਰ

0
134

ਵੈਨਕੂਵਰ : ਟੋਰਾਂਟੋ ਪੁਲਸ ਨੇ ਪ੍ਰੋਜੈਕਟ ਫੇਅਰ ਤਹਿਤ ਜਾਂਚ ਕਰਨ ਉਪਰੰਤ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਹੈ। ਇਹ ਵਿਅਕਤੀ ਆਪਣੀ ਟੈਕਸੀ ਵਿੱਚ ਸਫਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ਏ ਟੀ ਐੱਮ ਕਾਰਡ ਬਦਲ ਲੈਂਦੇ ਤੇ ਬਾਅਦ ਵਿੱਚ ਉਸ ਦੀ ਵਰਤੋਂ ਕਰਦਿਆਂ ਰਾਸ਼ੀ ਉਡਾ ਦਿੰਦੇ ਸਨ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਟੈਕਸੀ ਚਾਲਕਾਂ ਨੇ 300 ਲੋਕਾਂ ਦੀ 5 ਲੱਖ ਡਾਲਰ (ਕਰੀਬ 3 ਕਰੋੜ ਰੁਪਏ) ਦੀ ਰਾਸ਼ੀ ਕਢਾਈ ਹੈ। ਇਸ ਦੌਰਾਨ ਕਾਬੂ ਕੀਤੇ ਗਏ ਭਾਰਤੀਆਂ ਦੀ ਪਛਾਣ ਇਕਜੋਤ ਨਾਹਲ (22), ਹਰਜੋਬਨ ਨਾਹਲ (25), ਹਰਪ੍ਰੀਤ ਸਿੰਘ (24) ਗੁਰਨੂਰ ਰੰਧਾਵਾ (20) ਤੇ ਗੌਰਵ ਟਾਕ (23) ਵਜੋਂ ਹੋਈ ਹੈ। ਇਨ੍ਹਾਂ ਤੋਂ ਸੈਂਕੜੇ ਬੈਂਕ ਕਾਰਡ, ਮਸ਼ੀਨਾਂ ਸਮੇਤ ਕਈ ਹੋਰ ਉਪਕਰਨ ਬਰਾਮਦ ਕੀਤੇ ਗਏ ਹਨ। ਇਹ ਸਾਰੇ ਇੱਕ ਗਰੋਹ ਵਜੋਂ ਕੰਮ ਕਰਦੇ ਸਨ। ਟੈਕਸੀ ਵਿੱਚ ਬੈਠੀ ਸਵਾਰੀ ਤੋਂ ਪੈਸੇ ਲੈਣ ਮੌਕੇ ਉਹ ਤਰੀਕੇ ਨਾਲ ਕਾਰਡ ਲੈ ਕੇ ਉਸ ਤੋਂ ਪਿੰਨ ਪੁੱਛਦੇ ਅਤੇ ਏ ਟੀ ਐੱਮ ਕਾਰਡ ਬਦਲ ਕੇ ਸਵਾਰੀ ਨੂੰ ਹੋਰ ਕਾਰਡ ਦੇ ਦਿੰਦੇ। ਜਿਸ ਤੋਂ ਬਾਅਦ ਉਹ ਸਵਾਰੀ ਦੇ ਖਾਤੇ ਵਿੱਚੋਂ ਸਾਰੀ ਰਕਮ ਕਢਵਾ ਲੈਂਦੇ ਸਨ।
ਪੁਲਸ ਕੋਲ ਇਸ ਤਰ੍ਹਾਂ ਦੀ ਧੋਖਾਧੜੀ ਦੀਆਂ 300 ਤੋਂ ਵੱਧ ਸ਼ਿਕਾਇਤਾਂ ਆਈਆਂ ਸਨ। ਮੁਲਜ਼ਮ ਟੈਕਸੀ ਦੀ ਥਾਂ ’ਤੇ ਆਮ ਕਾਰ ਦੀ ਵਰਤੋ ਕਰਦੇ ਸਨ ਅਤੇ ਟੈਕਸੀ ਵਰਗੇ ਸਟਿੱਕਰ ਲਾ ਕੇ ਸਵਾਰੀਆਂ ਨੂੰ ਭਰਮਾ ਲੈਂਦੇ ਸਨ।