ਧਰਮਸ਼ਾਲਾ : ਵੀਰਵਾਰ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਦੇ ਚਲਦਿਆਂ ਢਿੱਗਾਂ ਖਿਸਕਣ ਕਾਰਨ ਸ਼ੁੱਕਰਵਾਰ ਸਵੇਰੇ ਧਰਮਸ਼ਾਲਾ-ਕਾਂਗੜਾ ਕੌਮੀ ਸ਼ਾਹਰਾਹ ’ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਇਸ ਸੜਕ ਰਾਹੀਂ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਰੋਜ਼ਾਨਾ ਸੈਂਕੜੇ ਸੈਲਾਨੀ ਧਰਮਸ਼ਾਲਾ ਆਉਂਦੇ ਹਨ।
ਢਿੱਗਾਂ ਖਿਸਕਣ ਦੀ ਘਟਨਾ ਸਕੋਹ ਪਿੰਡ ਤੋਂ ਲੱਗਭੱਗ ਢਾਈ ਕਿੱਲੋਮੀਟਰ ਦੂਰ ਵਾਪਰੀ, ਜਿਸ ਕਾਰਨ ਚਾਰ ਪਹੀਆ ਵਾਹਨਾਂ ਲਈ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ। ਧਰਮਸ਼ਾਲਾ ਤੋਂ ਕਾਂਗੜਾ ਵੱਲ ਜਾਣ ਵਾਲੀ ਆਵਾਜਾਈ ਨੂੰ ਸ਼ੀਲਾ ਰੋਡ ਰਾਹੀਂ ਮਟੌਰ ਕਸਬੇ ਤੋਂ ਮੋੜਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਉਹ ਕੌਮੀ ਸ਼ਾਹਰਾਹ ਦੇ ਪ੍ਰਭਾਵਤ ਹਿੱਸੇ ਵੱਲ ਜਾਣ ਤੋਂ ਉਦੋਂ ਤੱਕ ਬਚਣ, ਜਦੋਂ ਤੱਕ ਬਹਾਲੀ ਦਾ ਕੰਮ ਪੂਰਾ ਨਹੀਂ ਹੋ ਜਾਂਦਾ।
ਮੀਂਹ ਕਾਰਨ ਪਹਾੜੀ ਖੇਤਰਾਂ, ਖਾਸ ਕਰਕੇ ਮੈਕਲੋਡਗੰਜ ਸੜਕ ’ਤੇ ਢਿੱਗਾਂ ਖਿਸਕਣ ਦੀ ਸੰਭਾਵਨਾ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਇੱਥੇ ਪਿਛਲੇ ਕੁਝ ਦਿਨਾਂ ਤੋਂ ਮੁਰੰਮਤ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੀ ਡਬਲਿਊ ਡੀ ਦੇ ਅਧਿਕਾਰੀ ਸੰਵੇਦਨਸ਼ੀਲ ਜ਼ੋਨਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।





