ਈਰਾਨ ’ਚ ਲੀਡਰਸ਼ਿਪ ਦੇ ਹੱਕ ’ਚ ਮੁਜ਼ਾਹਰੇ

0
101

ਤਹਿਰਾਨ : ਇਜ਼ਰਾਈਲੀ ਹਮਲਿਆਂ ਖਿਲਾਫ ਹਜ਼ਾਰਾਂ ਈਰਾਨੀਆਂ ਨੇ ਸ਼ੁੱਕਰਵਾਰ ਜੁੰਮੇ ਦੀ ਨਮਾਜ਼ ਤੋਂ ਬਾਅਦ ਤਹਿਰਾਨ ਵਿੱਚ ਮੁਜ਼ਾਹਰਾ ਕੀਤਾ। ਉਨ੍ਹਾਂ ਇਜ਼ਰਾਈਲ ਵੱਲੋਂ ਮਾਰੇ ਗਏ ਜਰਨੈਲਾਂ ਦੇ ਪੋਸਟਰ ਚੁੱਕੇ ਹੋਏ ਸਨ ਅਤੇ ਈਰਾਨ, ਫਲਸਤੀਨ ਤੇ ਹਿਜ਼ਬੁੱਲ੍ਹਾ ਦੇ ਝੰਡੇ ਲਹਿਰਾ ਰਹੇ ਸਨ। ਈਰਾਨੀਆਂ ਨੇ ਉੱਤਰ-ਪੱਛਮੀ ਸ਼ਹਿਰ ਤਬਰੀਜ਼ ਤੇ ਦੱਖਣੀ ਸ਼ਹਿਰ ਸ਼ਿਰਾਜ਼ ਵਿੱਚ ਵੀ ਮੁਜ਼ਾਹਰੇ ਕੀਤੇ। ਉਨ੍ਹਾਂ ਆਪਣੀ ਲੀਡਰਸ਼ਿਪ ਦੇ ਹੱਕ ਵਿੱਚ ਵੀ ਨਾਅਰੇ ਲਾਏ।
ਇਸੇ ਦੌਰਾਨ ਯੂਰਪੀ ਯੂਨੀਅਨ ਦੇ ਮਨੁੱਖੀ ਅਧਿਕਾਰ ਗਰੁੱਪਾਂ ਤੇ ਟਰੇਡ ਯੂਨੀਅਨਾਂ ਸਣੇ 100 ਤੋਂ ਵੱਧ ਜਥੇਬੰਦੀਆਂ ਨੇ ਇਜ਼ਰਾਈਲ ਨਾਲ ਵਪਾਰਕ ਸੰਬੰਧ ਤੋੜਨ ਦਾ ਸੱਦਾ ਦਿੱਤਾ ਹੈ, ਕਿਉਕਿ ਉਹ ਫਲਸਤੀਨੀਆਂ ’ਤੇ ਜ਼ੁਲਮ ਢਾਹ ਰਿਹਾ ਹੈ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੇ ਟਕਰਾਅ ਵਿਚ ਅਮਰੀਕੀ ਫੌਜ ਦੀ ਸਿੱਧੀ ਸ਼ਮੂਲੀਅਤ ਸੰਬੰਧੀ ਉਹ ਅਗਲੇ ਦੋ ਹਫਤਿਆਂ ਵਿਚ ਫੈਸਲਾ ਲੈਣਗੇ। ਟਰੰਪ ਨੇ ਕਿਹਾ ਕਿ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਲਈ ‘ਬਹੁਤ ਸਾਰੇ ਮੌਕੇ’ ਹਨ। ਟਰੰਪ ਵੱਲੋਂ ਦੋ ਹਫਤਿਆਂ ਦੀ ਮੋਹਲਤ ਤੋਂ ਸਾਫ ਹੈ ਕਿ ਉਹ ਈਰਾਨ ਦੇ ਸੁਰੱਖਿਅਤ ਫੋਰਡੋ ਯੂਰੇਨੀਅਮ ਸੋਧ ਸੈਂਟਰ ’ਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ ਵਿਚ ਹਨ। ਇਹ ਸੈਂਟਰ ਇੱਕ ਪਹਾੜ ਹੇਠਾਂ ਹੈ ਤੇ ਵਿਆਪਕ ਰੂਪ ਵਿਚ ਅਮਰੀਕਾ ਦੇ ‘ਬੰਕਰ ਬਸਟਰ’ ਬੰਬਾਂ ਨੂੰ ਛੱਡ ਕੇ ਕਿਸੇ ਹੋਰ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋਈ ਵੀ ਇਜ਼ਰਾਈਲੀ ਹਮਲੇ ਤੋਂ ਨਹੀਂ ਬਚ ਸਕਦਾ। ਉਸ ਨੇ ਇਸ਼ਾਰਾ ਕੀਤਾ ਕਿ ਅਗਲਾ ਨਿਸ਼ਾਨਾ ਈਰਾਨ ਦਾ ਸੁਪਰੀਮ ਆਗੂ ਅਯਾਤੁੱਲ੍ਹਾ ਖਾਮੇਨੇਈ ਹੋ ਸਕਦਾ ਹੈ। ਨੇਤਨਯਾਹੂ ਨੇ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਟਰੰਪ ‘ਅਮਰੀਕਾ ਲਈ ਸਭ ਤੋਂ ਵਧੀਆ ਹੀ ਕਰਨਗੇ।’
ਬੀਰਸ਼ੇਬਾ ਦੇ ਸੋਰੋਕਾ ਮੈਡੀਕਲ ਸੈਂਟਰ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੇ ਕਿਹਾ, ‘ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹ ਪਹਿਲਾਂ (ਟਰੰਪ) ਹੀ ਬਹੁਤ ਮਦਦ ਕਰ ਰਹੇ ਹਨ।’