ਬੀਜਿੰਗ : ਚੀਨੀ ਵਿਦੇਸ਼ ਮੰਤਰਾਲੇ ਨੇ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਚੀਨੀ ਸਰਕਾਰੀ ਮੀਡੀਆ ਨੇ ਪੁੱਛਿਆ ਹੈ ਕਿ ਕੀ ਅਮਰੀਕਾ ਈਰਾਨ ਵਿੱਚ ਇਰਾਕ ਵਾਲੀ ਗਲਤੀ ਤਾਂ ਨਹੀਂ ਦੁਹਰਾ ਰਿਹਾ? ਉਸਨੇ ਕਿਹਾ ਕਿ ਅਮਰੀਕੀ ਹਮਲੇ ਖਤਰਨਾਕ ਮੋੜ ਹਨ। ਇਤਿਹਾਸ ਨੇ ਵਾਰ-ਵਾਰ ਦਿਖਾਇਆ ਹੈ ਕਿ ਮੱਧ-ਪੂਰਬ ਵਿੱਚ ਫੌਜੀ ਦਖਲ ਨੇ ਅਣਕਿਆਸੇ ਨਤੀਜੇ ਪੈਦਾ ਕੀਤੇ ਹਨ। ਲੰਮੀਆਂ ਜੰਗਾਂ ਨੇ ਖਿੱਤੇ ਨੂੰ ਅਸਥਿਰ ਕੀਤਾ ਹੈ। 2003 ਵਿੱਚ ਇਰਾਕ ’ਚ ਅਮਰੀਕੀ ਦਖਲ ਇਸਦੀ ਮਿਸਾਲ ਹੈ।
ਇਸਨੇ ਕਿਹਾ ਹੈ ਕਿ ਕੂਟਨੀਤਕ ਪਹੁੰਚ ਨਾਲ ਹੀ ਮੱਧ-ਪੂਰਬ ਵਿੱਚ ਸਥਿਰਤਾ ਸੰਭਵ ਹੈ। ਯਮਨ ਦੇ ਹੂਤੀ ਲੜਾਕਿਆਂ ਦੇ ਬੁਲਾਰੇ ਯਾਹੀਆ ਸਰੀਆ ਨੇ ਕਿਹਾ ਹੈ ਕਿ ਉਹ ਲਾਲ ਸਾਗਰ ਵਿੱਚ ਤਾਇਨਾਤ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਗੇ। ਤੁਰਕੀ ਨੇ ਕਿਹਾ ਹੈ ਕਿ ਅਮਰੀਕੀ ਹਮਲੇ ਨਾਲ ਟਕਰਾਅ ਫੈਲਣ ਦਾ ਜੋਖਮ ਹੈ ਤੇ ਵੱਡੇ ਪੱਧਰ ’ਤੇ ਅਸਥਿਰਤਾ ਪੈਦਾ ਹੋਵੇਗੀ। ਪੋਪ ਲਿਓ ਨੇ ਕਿਹਾ ਹੈ ਕਿ ਮਨੁੱਖਤਾ ਅਮਨ ਲਈ ਚੀਕ ਰਹੀ ਹੈ।


