ਈਰਾਨ ਰੂਸ ਨਾਲ ਗੱਲ ਕਰਕੇ ਨਵੀਂ ਰਣਨੀਤੀ ਬਣਾਏਗਾ

0
74

ਮਾਸਕੋ : ਅਮਰੀਕਾ ਦੇ ਈਰਾਨ ’ਤੇ ਹਮਲੇ ਤੋਂ ਬਾਅਦ ਰੂਸ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਦੂਜੇ ਪਾਸੇ ਈਰਾਨ ਨੇ ਕਿਹਾ ਕਿ ਉਹ ਆਪਣੇ ਦੇਸ਼ ’ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਰੂਸ ਨਾਲ ਸਲਾਹ ਕਰ ਕੇ ਨਵੀਂ ਰਣਨੀਤੀ ਉਲੀਕੇਗਾ ਤੇ ਆਪਣੀ ਸੁਰੱਖਿਆ ਲਈ ਸਾਰੇ ਵਿਕਲਪ ਰਾਖਵੇਂ ਰੱਖੇਗਾ।
ਇਹ ਜਾਣਕਾਰੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਾਂਝੀ ਕਰਦਿਆਂ ਕਿਹਾ ਕਿ ਅਮਰੀਕਾ ਨੇ ਦਿਖਾ ਦਿੱਤਾ ਹੈ ਕਿ ਉਹ ਕੌਮਾਂਤਰੀ ਕਾਨੂੰਨ ਦਾ ਕੋਈ ਸਨਮਾਨ ਨਹੀਂ ਕਰਦਾ। ਉਹ ਸਿਰਫ ਧਮਕੀ ਅਤੇ ਤਾਕਤ ਦੀ ਭਾਸ਼ਾ ਨੂੰ ਸਮਝਦਾ ਹੈ। ਉਹ ਕਿਹਾ ਕਿ ਉਹ ਰੂਸ ਜਾਣਗੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਲਾਹ-ਮਸ਼ਵਰਾ ਕਰਨਗੇ।
ਦੂਜੇ ਪਾਸੇ ਕਰੈਮਲਿਨ ਨੇ ਕਿਹਾ ਕਿ ਪੂਤਿਨ ਦੀ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਬੰਬਾਰੀ ਤੋਂ ਬਾਅਦ ਟਰੰਪ ਨੂੰ ਫੋਨ ਕਰਨ ਦੀ ਕੋਈ ਯੋਜਨਾ ਨਹੀਂ ਹੈ। ਕਰੈਮਲਿਨ ਦੇ ਬੁਲਾਰੇ ਦਮਿਤਰੀ ਪੇਸ਼ਕੋਵ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਈ ਯੋਜਨਾਵਾਂ ਨਹੀਂ ਹਨ। ਹਾਲਾਂਕਿ ਉਨ੍ਹਾ ਕਿਹਾ ਕਿ ਲੋੜ ਪੈਣ ’ਤੇ ਫੋਨ ’ਤੇ ਗੱਲਬਾਤ ਕੀਤੀ ਜਾ ਸਕਦੀ ਹੈ।