ਵੀਜ਼ਾ ਬਿਨੈਕਾਰਾਂ ਨਾਲ ਅਮਰੀਕਾ ਦੀ ਸਖਤੀ

0
75

ਨਵੀਂ ਦਿੱਲੀ : ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਨੇ ਵੀਜ਼ਾ ਬਿਨੈਕਾਰਾਂ ਨੂੰ ਪਿਛਲੇ ਪੰਜ ਸਾਲਾਂ ਵਿੱਚ ਵਰਤੇ ਗਏ ਹਰੇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਆਪਣੇ ਯੂਜ਼ਰਨੇਮ ਜਾਂ ਹੈਂਡਲ ਦਾ ਖੁਲਾਸਾ ਕਰਨ ਲਈ ਕਿਹਾ ਹੈ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਵੀਰਵਾਰ ਚੇਤਾਵਨੀ ਦਿੱਤੀ ਕਿ ਜਾਣਕਾਰੀ ਸਾਂਝੀ ਨਾ ਕੀਤੇ ਜਾਣ ’ਤੇ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਦੇ ਵੀਜ਼ਿਆਂ ਨੂੰ ਅਯੋਗ ਕੀਤਾ ਜਾ ਸਕਦਾ ਹੈ।
4 ਦਹਿਸ਼ਤਗਰਦ ਘੇਰੇ
ਜੰਮੂ : ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਦੇ ਦੂਰ-ਦੁਰਾਡੇ ਦੇ ਬਿਹਾਲੀ ਜੰਗਲੀ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਚਾਰ ਦਹਿਸ਼ਤਗਰਦ ਘੇਰ ਲਏ ਸਨ, ਜਿਨ੍ਹਾਂ ਨੂੰ ਇੱਕ ਸਾਲ ਤੋਂ ਟਰੈਕ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਮੀਂਹ ਅਤੇ ਧੁੰਦ ਦੇ ਬਾਵਜੂਦ ਉਨ੍ਹਾਂ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਹਿਸ਼ਤਗਰਦ ਪਾਕਿਸਤਾਨੀ ਜੈਸ਼-ਏ-ਮੁਹੰਮਦ ਦੇ ਮੈਂਬਰ ਹਨ।
2 ਮਾਓਵਾਦੀ ਬੀਬੀਆਂ ਮਾਰੀਆਂ
ਨਾਰਾਇਣਪੁਰ : ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਜਵਾਨਾਂ ਨੇ ਮੁਕਾਬਲੇ ਵਿੱਚ ਦੋ ਮਾਓਵਾਦੀ ਮਹਿਲਾਵਾਂ ਨੂੰ ਮਾਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਨੂੰ ਅਭੁਜਮਾਦ ਖੇਤਰ ਦੇ ਕੋਹਕਾਮੇਟਾ ਪੁਲਸ ਸਟੇਸ਼ਨ ਦੀ ਹੱਦ ਅਧੀਨ ਜੰਗਲ ਵਿੱਚ ਮੁਕਾਬਲਾ ਹੋਇਆ।
ਕੈਨੇਡਾ ’ਚ ਲੁਟੇਰੀਆਂ ਨੇ ਕੁੱਟ ਕੇ ਪੰਜਾਬਣ ਕੁੜੀ ਲੁੱਟ ਲਈ
ਵੈਨਕੂਵਰ : ਵਿਨੀਪੈੱਗ ਨੇੜੇ ਓਸਬੋਰਨ ਪਿੰਡ ’ਚ ਲੁਟੇਰੀਆਂ ਆਪਣੇ ਭਰਾ-ਭਾਬੀ ਕੋਲ ਰਹਿੰਦੀ 23 ਸਾਲਾ ਤਰਨਪ੍ਰੀਤ ਕੌਰ ਦੀ ਕੁੱਟਮਾਰ ਕਰਕੇ ਉਸ ਤੋਂ ਬੈਂਕ ਕਾਰਡ, ਨਕਦੀ ਤੇ ਹੋਰ ਦਸਤਾਵੇਜ਼ ਤੇ ਸਮਾਨ ਖੋਹ ਕੇ ਭੱਜ ਗਈਆਂ। ਪੁਲਸ ਨੇ ਗਰੋਹ ’ਚ ਸ਼ਾਮਲ ਨਾਬਾਲਗ ਨੂੰ ਗਿ੍ਰਫਤਾਰ ਕਰ ਲਿਆ ਹੈ, ਜਦੋਂਕਿ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਰਨਪ੍ਰੀਤ ਰਾਤ ਸਮੇਂ ਕੰਮ ਤੋਂ ਪਰਤਦੇ ਹੋਏ ਬੱਸ ਤੋਂ ਉਤਰ ਕੇ ਘਰ ਜਾ ਰਹੀ ਸੀ। ਉਹ ਘਰ ਅੱਗੇ ਪਹੁੰਚੀ ਤਾਂ ਲੁਟੇਰੀਆਂ ਦੇ ਗਰੋਹ ਨੇ ਧੱਕਾ ਦੇ ਕੇ ਉਸ ਨੂੰ ਹੇਠਾਂ ਸੁੱਟ ਲਿਆ ਤੇ ਕਾਫੀ ਦੇਰ ਕੁੱਟਮਾਰ ਕਰਦੀਆਂ ਰਹੀਆਂ। ਉਸ ਦੀਆਂ ਚੀਕਾਂ ਸੁਣ ਕੇ ਨੇੜਲੇ ਲੋਕ ਮਦਦ ਲਈ ਆਏ ਤਾਂ ਲੁਟੇਰੀਆਂ ਭੱਜ ਗਈਆਂ।