ਮਜ਼ਦੂਰ ਨੂੰ ਸਭ ਤੋਂ ਵੱਧ ਦਿਹਾੜੀ ਦੇਣ ‘ਚ ਕੇਰਲ ਅੱਵਲ

0
252

ਨਵੀਂ ਦਿੱਲੀ : ਭਾਰਤ ‘ਚ ਹਰ 12 ਮਿੰਟ ‘ਚ ਇੱਕ ਦਿਹਾੜੀਦਾਰ ਮਜ਼ਦੂਰ ਖੁਦਕੁਸ਼ੀ ਕਰ ਲੈਂਦਾ ਹੈ | ਕਈ ਵਾਰ ਖੁਦਕੁਸ਼ੀ ਦਾ ਕਾਰਨ ਆਰਥਕ ਤੰਗੀ ਹੀ ਰਹਿੰਦੀ ਹੈ | ਆਰ ਬੀ ਆਈ ਦੀ ਨਵੀਂ ਰਿਪੋਰਟ ਮਜ਼ਦੂਰਾਂ ਦੀ ਦਿਹਾੜੀ ਨੂੰ ਲੈ ਕੇ ਕਈ ਖੁਲਾਸੇ ਕਰਦੀ ਹੈ | 2021-22 ਦੇ ਅੰਕੜੇ ਦੱਸਦੇ ਹਨ ਕਿ ਮਜ਼ਦੂਰਾਂ ਨੂੰ ਦਿਹਾੜੀ ਦੇਣ ‘ਚ ਗੁਜਰਾਤ ਅਤੇ ਮੱਧ ਪ੍ਰਦੇਸ਼ ਵਰਗੇ ਸੂਬੇ ਸਭ ਤੋਂ ਪਿੱਛੇ ਹਨ, ਜਦਕਿ ਕੇਰਲ ਇਸ ਤਰ੍ਹਾਂ ਦਾ ਸੂਬਾ ਹੈ, ਜਿੱਥੇ ਮਜ਼ਦੂਰਾਂ ਦੀ ਦਿਹਾੜੀ ਸਭ ਤੋਂ ਜ਼ਿਆਦਾ ਹੈ | ਆਰ ਬੀ ਆਈ ਦੀ ਰਿਪੋਰਟ ਮੁਤਾਬਕ 2021-22 ‘ਚ ਖੇਤੀਹਰ ਮਜ਼ਦੂਰਾਂ ਦੀ ਦਿਹਾੜੀ ਦਾ ਰਾਸ਼ਟਰੀ ਫੀਸਦੀ 323.2 ਰੁਪਏ ਸੀ | ਮੱਧ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ‘ਚ ਮਜ਼ਦੂਰਾਂ ਨੂੰ ਦਿਹਾੜੀ 217.8 ਰੁਪਏ ਮਿਲੀ, ਜਦਕਿ ਗੁਜਰਾਤ ‘ਚ ਇਹ 220.3 ਰੁਪਏ, ਤਿ੍ਪੁਰਾ ‘ਚ 270 ਰੁਪਏ, ਮਹਾਰਸ਼ਟਰ ‘ਚ 284.2 ਰੁਪਏ ਅਤੇ ਯੂ ਪੀ ‘ਚ 288.0 ਰੁਪਏ ਦੀ ਦਿਹਾੜੀ ਰਹੀ |
ਕੇਰਲ ਤੋਂ ਬਾਅਦ ਸਭ ਤੋਂ ਜ਼ਿਆਦਾ ਦਿਹਾੜੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਨੇ ਦਿੱਤੀ | ਜੰਮੂ-ਕਸ਼ਮੀਰ ਦੇ ਪੇਂਡੂ ਇਲਾਕਿਆਂ ‘ਚ ਮਜ਼ਦੂਰਾਂ ਨੂੰ 524.6 ਰੁਪਏ, ਹਿਮਾਚਲ ‘ਚ 457.6 ਰੁਪਏ ਅਤੇ ਤਾਮਿਲਨਾਡੂ ‘ਚ 445.6 ਰੁਪਏ ਦਿਹਾੜੀ ਮਿਲੀ |
ਪੇਂਡੂ ਇਲਾਕਿਆਂ ‘ਚ ਉਸਾਰੀ ਦੇ ਕੰਮ ‘ਚ ਲੱਗੇ ਮਜ਼ਦੂਰਾਂ ਨੂੰ 2021-22 ‘ਚ 373.3 ਰੁਪਏ ਦਿਹਾੜੀ ਮਿਲੀ | ਇੱਥੇ ਵੀ ਕੇਰਲ ਸਭ ਤੋਂ ਅੱਗੇ ਅਤੇ ਮੱਧ ਪ੍ਰਦੇਸ਼ ਤੇ ਗੁਜਰਾਤ ਸਭ ਤੋਂ ਪਿੱਛੇ ਰਹੇ | ਕੇਰਲ ‘ਚ ਉਸਾਰੀ ਵਰਕਰਾਂ ਨੂੰ 837.7 ਰੁਪਏ ਦਿਹਾੜੀ ਮਿਲੀ, ਜਦਕਿ ਮੱਧ ਪ੍ਰਦੇਸ਼ ‘ਚ 266.7 ਰੁਪਏ ਦੀ ਦਿਹਾੜੀ ਮਿਲੀ |
ਰਿਪੋਰਟ ਮੁਤਾਬਕ ਪਿਛਲੇ ਸਾਲ ਦੇਸ਼ ਭਰ ‘ਚ ਖੁਦਕੁਸ਼ੀ ਕਰਨ ਵਾਲਿਆਂ ‘ਚ 42,004 ਦਿਹਾੜੀਦਾਰ ਮਜ਼ਦੂਰ ਸਨ | ਇਨ੍ਹਾਂ ‘ਚੋਂ 4246 ਔਰਤਾਂ ਵੀ ਸਨ |
ਇਸ ਹਿਸਾਬ ਨਾਲ ਪਿਛਲੇ ਸਾਲ ਹਰ ਦਿਨ ਔਸਤਨ 115 ਅਤੇ ਹਰ ਘੰਟੇ 5 ਦਿਹਾੜੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ | ਹਰ ਸਾਲ ਖੁਦਕੁਸ਼ੀ ਕਰਨ ਵਾਲਿਆਂ ‘ਚ ਹਰ ਚੌਥਾ ਇਨਸਾਨ ਦਿਹਾੜੀ ਮਜ਼ਦੂਰ ਹੀ ਹੁੰਦਾ ਹੈ | 2021 ‘ਚ 1.64 ਲੱਖ ਲੋਕਾਂ ਨੇ ਆਤਮ-ਹੱਤਿਆ ਕੀਤੀ ਅਤੇ ਇਨ੍ਹਾਂ ‘ਚੋਂ 25 ਫੀਸਦੀ ਤੋਂ ਜ਼ਿਆਦਾ ਦਿਹਾੜੀਦਾਰ ਮਜ਼ਦੂਰ ਸਨ | 2020 ‘ਚ ਵੀ ਖੁਦਕੁਸ਼ੀ ਕਰਨ ਵਾਲੇ 1.53 ਲੱਖ ਲੋਕਾਂ ‘ਚੋਂ 25 ਫੀਸਦੀ ਦਿਹਾੜੀਦਾਰ ਮਜ਼ਦੂਰ ਹੀ ਸਨ | 2019 ‘ਚ ਵੀ 1.39 ਲੱਖ ਲੋਕਾਂ ਨੇ ਆਤਮ ਹੱਤਿਆ ਕੀਤੀ ਸੀ ਅਤੇ ਇਨ੍ਹਾਂ ‘ਚੋਂ 24 ਫੀਸਦੀ ਦਿਹਾੜੀਦਾਰ ਮਜ਼ਦੂਰ ਸਨ |

LEAVE A REPLY

Please enter your comment!
Please enter your name here