ਇੰਗਲੈਂਡ ਦਾ ਫਰਾਂਸ ਖਿਲਾਫ਼ ਮੌਕਾ ਖੁੰਝਿਆ

0
260

ਅਲ ਖੋਰ (ਕਤਰ) : ਓਲੀਵੀਅਰ ਗਿਰੋਡ ਦੇ ਗੋਲ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਫਰਾਂਸ ਸ਼ਨੀਵਾਰ ਰਾਤ ਇੰਗਲੈਂਡ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਸੈਮੀਫਾਈਨਲ ‘ਚ ਪੁੱਜ ਗਿਆ | 78ਵੇਂ ਮਿੰਟ ‘ਚ ਗਿਰੋਡ ਨੇ ਫਰਾਂਸ ਲਈ ਦੂਜਾ ਅਤੇ ਫੈਸਲਾਕੁੰਨ ਗੋਲ ਕੀਤਾ | ਇਸ ਨਾਲ ਫਰਾਂਸ ਹੁਣ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਤੋਂ ਬਾਅਦ ਦੂਜੀ ਟੀਮ ਬਣਨ ਤੋਂ ਸਿਰਫ ਦੋ ਜਿੱਤਾਂ ਦੂਰ ਹੈ | ਬ੍ਰਾਜ਼ੀਲ ਨੇ 1958 ਅਤੇ 1962 ‘ਚ ਲਗਾਤਾਰ ਦੋ ਵਿਸ਼ਵ ਕੱਪ ਜਿੱਤੇ ਸਨ | ਫਰਾਂਸ ਦਾ ਸੈਮੀਫਾਈਨਲ ਵਿਚ ਮੁਕਾਬਲਾ ਮੋਰਾਕੋ ਨਾਲ ਹੋਵੇਗਾ, ਜਿਸ ਨੇ ਸਨਸਨੀਖੇਜ਼ ਮੁਕਾਬਲੇ ਵਿਚ ਪੁਰਤਗਾਲ ਨੂੰ ਬਾਹਰ ਕੀਤਾ | ਦੂਜਾ ਸੈਮੀਫਾਈਨਲ ਅਰਜਨਟੀਨਾ ਤੇ ਕ੍ਰੋਏਸ਼ੀਆ ਵਿਚਾਲੇ ਹੋਣਾ ਹੈ |
ਪਹਿਲੇ ਅੱਧ ਵਿਚ ਔਰੇਲੀਨ ਨੇ ਫਰਾਂਸ ਨੂੰ ਲੀਡ ਦਿਵਾਈ, ਪਰ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਪੈਨਲਟੀ ਨਾਲ ਗੋਲ ਕਰਕੇ ਮੈਚ ਛੇਤੀ ਹੀ ਬਰਾਬਰੀ ‘ਤੇ ਲੈ ਆਂਦਾ | ਮੈਚ ਵਿਚ ਇੰਗਲੈਂਡ ਕਾਫੀ ਚਿਰ ਹਾਵੀ ਰਿਹਾ, ਪਰ ਗਿਰੋਡ ਮੈਚ ਖਤਮ ਹੋਣ ਤੋਂ 11 ਮਿੰਟ ਪਹਿਲਾਂ ਗੋਲ ਕਰਕੇ ਟੀਮ ਨੂੰ ਮੁੜ ਜੇਤੂ ਰਾਹ ‘ਤੇ ਲੈ ਆਇਆ | ਇੰਗਲੈਂਡ ਨੂੰ 9 ਮਿੰਟ ਰਹਿੰਦਿਆਂ ਪੈਨਲਟੀ ਨਾਲ ਗੋਲ ਕਰਨ ਦਾ ਮੌਕਾ ਮਿਲਿਆ, ਪਰ ਹੈਰੀ ਕੇਨ ਪੈਨਲਟੀ ਮਿਸ ਕਰ ਗਿਆ ਤੇ ਇਸ ਦੇ ਨਾਲ ਹੀ ਇੰਗਲੈਂਡ ਦੀ 1966 ਵਿਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕੋਈ ਵੱਡੀ ਕੌਮਾਂਤਰੀ ਟਰਾਫੀ ਜਿੱਤਣ ਦੀ ਉਡੀਕ ਹੋਰ ਲੰਮੀ ਹੋ ਗਈ |

LEAVE A REPLY

Please enter your comment!
Please enter your name here